
ਹਰਿਆਣਾ ਦੇ ਕਾਂਗਰਸੀ ਵਿਧਾਇਕ ਕਰਨ ਸਿੰਘ ਦਲਾਲ ਦੀ ਹਰਿਆਣਾ ਵਿਧਾਨ ਸਭਾ ਦੀ ਕਾਰਵਾਈ 'ਚੋਂ ਇਕ ਸਾਲ ਲਈ ਮੁਅੱਤਲੀ ਵਾਪਸ ਹੋ ਗਈ ਹੈ......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਹਰਿਆਣਾ ਦੇ ਕਾਂਗਰਸੀ ਵਿਧਾਇਕ ਕਰਨ ਸਿੰਘ ਦਲਾਲ ਦੀ ਹਰਿਆਣਾ ਵਿਧਾਨ ਸਭਾ ਦੀ ਕਾਰਵਾਈ 'ਚੋਂ ਇਕ ਸਾਲ ਲਈ ਮੁਅੱਤਲੀ ਵਾਪਸ ਹੋ ਗਈ ਹੈ। ਵਿਧਾਨ ਸਭਾ ਦੀ ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਬੈਠਕ ਵਿਚ ਫ਼ੈਸਲੇ ਤੋਂ ਬਾਅਦ ਸਪੀਕਰ ਕੰਵਰਪਾਲ ਗੁੱਜਰ ਨੇ ਸਦਨ ਵਿਚ ਚਰਚਾ ਦੌਰਾਨ ਦਲਾਲ ਦੀ ਮੁਅੱਤਲੀ ਵਾਪਸ ਕਰਨ ਦਾ ਐਲਾਨ ਕੀਤਾ। ਫਿਰ ਦਲਾਲ ਨੇ ਸਦਨ ਦੀ ਕਾਰਵਾਈ ਵਿਚ ਹਿੱਸਾ ਲਿਆ। ਇਹ ਫ਼ੈਸਲਾ ਇਸ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਲਾਲ ਦੀ ਪਟੀਸ਼ਨ ਉਤੇ ਸੁਣਵਾਈ ਤੋਂ ਐਨ ਠੀਕ ਪਹਿਲਾਂ ਲਿਆ ਗਿਆ।
ਹਰਿਆਣਾ ਦੇ ਐਡਵੋਕੇਟ ਜਨਰਲ ਨੇ ਕੋਰਟ ਨੂੰ ਸਦਨ ਦੇ ਫ਼ੈਸਲੇ ਦੀ ਸੂਚਨਾ ਦਿਤੀ ਤਾਂ ਕੋਰਟ ਨੇ ਕੋਈ ਆਦੇਸ਼ ਦਿਤੇ ਬਿਨਾਂ ਪਟੀਸ਼ਨ ਦਾ ਨਬੇੜਾ ਕਰ ਦਿਤਾ। ਦਰਅਸਲ ਦਲਾਲ ਨੇ ਵੀਰਵਾਰ ਨੂੰ ਹੀ ਹਾਈ ਕੋਰਟ ਵਿਚ ਅਪਣੀ ਮੁਅੱਤਲੀ ਨੂੰ ਚੁਨੌਤੀ ਦਿਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਸਪੀਕਰ ਦੇ ਸਕੱਤਰ ਨੂੰ ਨੋਟਿਸ ਦੇ ਕੇ ਜਵਾਬ ਮੰਗਿਆ ਸੀ ਅਤੇ ਸ਼ੁਕਰਵਾਰ ਸਵੇਰੇ ਇਸ ਦੀ ਸੁਣਵਾਈ ਹੋਣੀ ਸੀ।