
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ...
ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਦਾਜ 'ਚ ਸਪੋਰਟਸ ਬਾਈਕ ਨਾ ਮਿਲਣ 'ਤੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਫੋਨ 'ਤੇ ਤਿੰਨ ਤਲਾਕ ਦੇ ਦਿੱਤਾ। ਹੁਣ ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਲਖਨਊ ਦੇ ਅਮੀਨਾਬਾਦ ਚਿਕਮੰਡੀ ਥਾਣੇ ਤੋਂ ਸਾਹਮਣੇ ਆਇਆ ਹੈ। ਉਥੋਂ ਦੀ ਰਹਿਣ ਵਾਲੀ ਪੀੜਤ ਲੜਕੀ ਦਾ ਵਿਆਹ 2021 'ਚ ਲਾਹੌਰਪੁਰ ਸੀਤਾਪੁਰ ਦੇ ਮੁਹੰਮਦ ਯੂਨਸ ਨਾਲ ਹੋਇਆ ਸੀ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਦਾਜ ਦੀ ਮੰਗ ਕਰ ਕੇ ਤੰਗ ਪ੍ਰੇਸ਼ਾਨ ਕਰਨ ਲੱਗੇ। ਉਹ ਦਾਜ ਵਿੱਚ ਸਪੋਰਟਸ ਬਾਈਕ ਦੇਣ ਜਾਂ ਖਰੀਦਣ ਲਈ 2 ਲੱਖ ਰੁਪਏ ਦੀ ਮੰਗ ਕਰਨ ਲੱਗੇ।
ਪੀੜਤਾ ਨੇ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਉਸ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਕਰਨ ਲੱਗਾ। ਬਹਾਨੇ ਉਸ ਤੋਂ ਪੈਸੇ ਦੀ ਮੰਗ ਕਰਦਾ ਸੀ। ਜਦੋਂ ਉਸ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਉਸ ਦੇ ਪਤੀ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਪੀੜਤਾ ਅਤੇ ਉਸ ਦੇ ਮਾਮੇ ਨੇ ਪਤੀ ਨਾਲ ਸਮਝੌਤਾ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਉਸ ਨੂੰ ਕਈ ਵਾਰ ਫੋਨ ਵੀ ਕੀਤਾ ਪਰ ਉਹ ਨਹੀਂ ਮੰਨਿਆ। ਪੀੜਤਾ ਦੀ ਮਾਂ ਆਪਣੀ ਧੀ ਨਾਲ ਹੋਈ ਇਸ ਘਟਨਾ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਸਦਮੇ ਨਾਲ ਉਸ ਦੀ ਮੌਤ ਹੋ ਗਈ।
ਇਸ ਮਾਮਲੇ 'ਚ ਡੀਸੀਪੀ ਪੱਛਮੀ ਜ਼ੋਨ ਚਿਰੰਜੀਵੀ ਨਾਥ ਸਿਨਹਾ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ 3 ਤਲਾਕ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਸੱਸ ਨੇ ਵਿਆਹ ਵਿਚ ਮਿਲੇ ਗਹਿਣੇ ਅਤੇ ਤੋਹਫ਼ੇ ਵੀ ਇਹ ਕਹਿ ਕੇ ਖੋਹ ਲਏ ਕਿ ਤੇਰੇ ਪਰਿਵਾਰ ਨੇ ਮੰਗਣ 'ਤੇ ਦਾਜ ਨਹੀਂ ਦਿੱਤਾ, ਇਸ ਲਈ ਇਹ ਗਹਿਣੇ ਉਸ ਕੋਲ ਹੀ ਰਹਿਣਗੇ। 4 ਮਈ ਨੂੰ ਮੁਲਜ਼ਮਾਂ ਨੇ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਾਂਚ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।