
ਯੂਨੀਵਰਸਿਟੀਆਂ ’ਚ ਦਾਖ਼ਲਾ ਇਮਤਿਹਾਨਾਂ ਦੇ ਫ਼ਾਰਮ ਮਹਿੰਗੇ ਕਰਨ ਦਾ ਦੋਸ਼
ਨਵੀਂ ਦਿੱਲੀ: ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀ.ਯੂ.ਈ.ਟੀ.)-ਪੋਸਟ ਗ੍ਰੈਜੂਏਟ 2024 ਅਰਜ਼ੀ ਫਾਰਮ ਦੀ ਫੀਸ ਵਧਾ ਦਿਤੀ ਹੈ।
ਐਨ.ਟੀ.ਏ. ਦੇ ਡਾਇਰੈਕਟਰ ਸੁਬੋਧ ਕੁਮਾਰ ਸਿੰਘ ਨੂੰ ਲਿਖੀ ਚਿੱਠੀ ’ਚ ਵਿਦਿਆਰਥੀ ਸੰਗਠਨ ਐਸ.ਐਫ.ਆਈ. ਦੀ ਦਿੱਲੀ ਸੂਬਾ ਕਮੇਟੀ ਨੇ ਕਿਹਾ ਕਿ ਫੀਸ ’ਚ ਵਾਧਾ ਦੇਸ਼ ’ਚ ਵਿਦਿਆਰਥੀਆਂ ਲਈ ਉੱਚ ਸਿੱਖਿਆ ਦੇ ਮੌਕਿਆਂ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ (ਫੀਸ ਵਾਧਾ) ਵਿਦਿਆਰਥੀ ਵਿਰੋਧੀ ਹੈ ਅਤੇ ਸਿੱਖਿਆ ਦੇ ਨਿੱਜੀਕਰਨ ਵਲ ਇਕ ਕਦਮ ਹੈ।
ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ) ਦੀ ਵਿਦਿਆਰਥੀ ਇਕਾਈ ਐਸ.ਐਫ.ਆਈ. ਵਲੋਂ ਲਗਾਏ ਗਏ ਚਿੱਠੀ ਅਤੇ ਦੋਸ਼ਾਂ ’ਤੇ ਐਨ.ਟੀ.ਏ. ਵਲੋਂ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਦੌਰਾਨ ਐਸ.ਐਫ.ਆਈ. ਦੇ ਇਕ ਵਫ਼ਦ ਨੇ ਇਸ ਮੁੱਦੇ ’ਤੇ ਐਨ.ਟੀ.ਏ. ਦੇ ਸੀਨੀਅਰ ਸਲਾਹਕਾਰ ਐਚ.ਸੀ. ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਕਥਿਤ ਫੀਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਸੀ.ਯੂ.ਈ.ਟੀ.-ਪੀ.ਜੀ. ਟੈਸਟ ਨੂੰ ਐਨ.ਟੀ.ਏ. ਵਲੋਂ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ’ਚ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ’ਚ ਦਾਖਲੇ ਲਈ ਕੀਤਾ ਜਾਂਦਾ ਹੈ।ਐਸ.ਐਫ.ਆਈ. ਨੇ ਇਕ ਬਿਆਨ ’ਚ ਦੋਸ਼ ਲਾਇਆ ਕਿ ਐਨ.ਟੀ.ਏ. ਨੇ ਫੰਡਾਂ ਦੀ ਘਾਟ ਕਾਰਨ ਸਾਰੀਆਂ ਸ਼੍ਰੇਣੀਆਂ ਲਈ ਸੀ.ਯੂ.ਈ.ਟੀ.-ਪੀ.ਜੀ. ਅਰਜ਼ੀ ਫਾਰਮ ਦੀ ਫੀਸ ’ਚ 200 ਰੁਪਏ ਦਾ ਵਾਧਾ ਕੀਤਾ ਹੈ ਅਤੇ ਇਸ ਨਾਲ ਵਿਸ਼ੇਸ਼ ਤੌਰ ’ਤੇ ਹਾਸ਼ੀਏ ’ਤੇ ਰਹਿਣ ਵਾਲੇ ਭਾਈਚਾਰਿਆਂ ਅਤੇ ਪੱਛੜੇ ਖੇਤਰਾਂ ਤੋਂ ਆਉਣ ਵਾਲੇ ਲੋਕ ਪ੍ਰਭਾਵਤ ਹੋਣਗੇ।