ਕਿਹਾ, ਰਾਹੁਲ ਗਾਂਧੀ ਫ਼ਿਰਕੂਪੁਣੇ ਵਿਰੁਧ ‘ਮਜ਼ਬੂਤ ਆਵਾਜ਼’ ਹਨ
ਤਿਰੂਵਨੰਤਪੁਰਮ: ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੁੱਝ ਮੁੱਦਿਆਂ ਉਤੇ ਉਨ੍ਹਾਂ ਦੇ ਰੁਖ਼ ਨੂੰ ਮੀਡੀਆ ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਮਰਥਨ ਵਜੋਂ ਭਾਵੇਂ ਵੇਖਿਆ ਜਾਵੇ, ਪਰ ਉਹ ਇਸ ਨੂੰ ਸਿਰਫ਼ ਸਰਕਾਰ ਜਾਂ ਭਾਰਤ ਦੇ ਸਮਰਥਨ ਦੇ ਰੂਪ ’ਚ ਵੇਖਦੇ ਹਨ। ਨਾਲ ਹੀ ਉਨ੍ਹਾਂ ਪਾਰਟੀ ਆਗੂ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇਕ ‘ਇਮਾਨਦਾਰ’ ਵਿਅਕਤੀ ਹਨ ਜੋ ਦੇਸ਼ ਅੰਦਰ ਫ਼ਿਰਕੂਪੁਣੇ ਵਰਗੇ ਵੱਖੋ-ਵੱਖ ਮੁੱਦਿਆਂ ਉਤੇ ‘ਮਜ਼ਬੂਤ ਆਵਾਜ਼’ ਹਨ।
ਥਰੂਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਸਪੱਸ਼ਟ ਕੀਤਾ ਹੈ ਕਿ ਕੁੱਝ ਕੌਮਾਂਤਰੀ ਮਾਮਲਿਆਂ ਉਤੇ ਉਨ੍ਹਾਂ ਨੂੰ ਸਿਆਸਤ ਬਾਰੇ ਗੱਲ ਕਰਨਾ ਪਸੰਦ ਨਹੀਂ ਹੈ ਅਤੇ ਇਸ ਦੀ ਬਜਾਏ ਉਹ ਦੇਸ਼ ਬਾਰੇ ਗੱਲ ਕਰਨਾ ਪਸੰਦ ਕਰਦੇ ਹਨ। ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸੰਸਦ ਮੈਂਬਰ ਥਰੂਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘‘ਇਹ ਕੋਈ ਨਵੀਂ ਗੱਲ ਨਹੀਂ ਹੈ, ਮੈਂ ਹਮੇਸ਼ਾ ਤੋਂ ਇਹੀ ਕਹਿੰਦਾ ਆਇਆ ਹਾਂ।’’
ਪਿਛਲੇ ਸਾਲ ਭਾਰਤ-ਪਾਕਿਸਤਾਨ ਸੰਘਰਸ਼ ਅਤੇ ਪਹਿਲਗਾਮ ਹਮਲੇ ਤੋਂ ਬਾਅਦ ਕੀਤੀਆਂ ਸਿਆਸੀ ਰੂਪ ’ਚ ਉਨ੍ਹਾਂ ਦੀਆਂ ਟਿਪਣੀਆਂ ਕਾਂਗਰਸ ਦੇ ਰੁਖ਼ ਤੋਂ ਵੱਖ ਸਨ ਅਤੇ ਪਾਰਟੀ ਦੇ ਕਈ ਨੇਤਾਵਾਂ ਨੇ ਉਨ੍ਹਾਂ ਦੀ ਇੱਛਾ ਉਤੇ ਸਵਾਲ ਚੁਕੇ ਅਤੇ ਉਨ੍ਹਾਂ ਉਤੇ ਨਿਸ਼ਾਨਾ ਲਾਇਆ ਸੀ।
ਥਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਇਹ ਵੀ ਮਨਜ਼ੂਰ ਕੀਤਾ ਕਿ ਪਾਰਟੀ ਦੇ ਕਿਸੇ ਮੈਂਬਰ ਨੂੰ ਪਾਰਟੀ ਦੀ ਵਿਚਾਰਧਾਰਾ ਵਿਰੁਧ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ, ‘‘ਮੈਂ ਸੰਸਦ ’ਚ ਹਮੇਸ਼ਾ ਪਾਰਟੀ ਨਾਲ ਖੜ੍ਹਿਆ ਰਿਹਾ ਹਾਂ, ਇਸ ਲਈ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।’’
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁਛਿਆ ਕਿ ਕੀ ਉਹ ਸਪੱਸ਼ਟ ਰੂਪ ’ਚ ਕਹਿ ਸਕਦੇ ਹਨ ਕਿ ਉਹ ਕਾਂਗਰਸ ਪਾਰਟੀ ਨਹੀਂ ਛੱਡਣਗੇ, ਤਾਂ ਥਰੂਰ ਨੇ ਕਿਹਾ, ‘‘ਮੈਂ ਕਹਿ ਸਕਦਾ ਹਾਂ ਕਿ ਮੈਂ ਕਾਂਗਰਸ ਨਾਲ ਹੀ ਰਹਾਂਗਾ ਅਤੇ ਕਿਤੇ ਨਹੀਂ ਜਾ ਰਿਹਾ। ਮੈਂ ਕੇਰਲ ’ਚ ਚੋਣ ਪ੍ਰਚਾਰ ਦਾ ਹਿੱਸਾ ਰਹਾਂਗਾ ਅਤੇ ਯੂ.ਡੀ.ਐਫ਼. ਦੀ ਜਿੱਤ ਲਈ ਕੰਮ ਕਰਾਂਗਾ।’’
