
ਉੜੀਸਾ ਦੇ ਸਿੱਖ ਆਗੂ ਅਤੇ ਪਾਲ ਹਾਈਟਸ ਹੋਟਲ ਭੁਵਨੇਸ਼ਵਰ ਦੇ ਮਾਲਕ ਸਤਪਾਲ ਸਿੰਘ ਦੇ ਘਰ ਨੂੰ ਅੱਗ ਲੱਗ ਜਾਣ ਕਾਰਨ ਪਰਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ
ਅੰਮ੍ਰਿਤਸਰ, 3 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਉੜੀਸਾ ਦੇ ਸਿੱਖ ਆਗੂ ਅਤੇ ਪਾਲ ਹਾਈਟਸ ਹੋਟਲ ਭੁਵਨੇਸ਼ਵਰ ਦੇ ਮਾਲਕ ਸਤਪਾਲ ਸਿੰਘ ਦੇ ਘਰ ਨੂੰ ਅੱਗ ਲੱਗ ਜਾਣ ਕਾਰਨ ਪਰਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਸਤਪਾਲ ਸਿੰਘ ਦਾ ਪੁੱਤਰ ਗਗਨਪਾਲ ਸਿੰਘ (38), ਨੂੰਹ ਭਾਵਨਾ, ਪੋਤਰੀ ਛਵੀ ਕੌਰ (11) ਅਤੇ ਪੋਤਰਾ ਰੂਵੀਰਪਾਲ ਸਿੰਘ (5) ਸ਼ਾਮਲ ਹੈ।
ਸਤਪਾਲ ਸਿੰਘ ਉੜੀਸਾ ਦੇ ਪ੍ਰਮੁੱਖ ਸਿੱਖ ਆਗੂ ਹੋਣ ਕਾਰਨ ਪੰਥਕ ਹਿਤਾਂ ਤੇ ਹੱਕਾਂ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨ। ਜਗਨਨਾਥ ਪੁਰੀ ਵਿਖੇ ਗੁਰੂ ਨਾਨਕ ਦੇਵ ਨਾਲ ਸਬੰਧਤ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਦੇਣ ਲਈ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਹੈ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਗੁਰਦਵਾਰਾ ਸਾਹਿਬ ਸਬੰਧੀ ਬਣਾਈ ਗਈ ਕਮੇਟੀ ਵਿਚ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਸਤਪਾਲ ਸਿੰਘ ਦੇ ਪਰਵਾਰਕ ਜੀਆਂ ਦੀ ਦਰਦਨਾਕ ਮੌਤ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਢ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸਕੱਤਰ ਡਾ. ਰੂਪ ਸਿੰਘ ਨੇ ਡੂੰਘਾ ਅਫ਼ਸੋਸ ਪ੍ਰਗਟ ਕੀਤਾ। ਸ. ਬਡੂੰਗਰ ਨੇ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਉਹ ਵਿਛੜੀਆਂ ਰੂਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ।