
ਕੋਚਿੰਗ ਸੈਂਟਰ ਦੇ ਮਾਲਕ ਸਮੇਤ 24 ਲੋਕਾਂ ਕੋਲੋਂ ਪੁੱਛ-ਪੜਤਾਲ
ਸੀਬੀਐਸਈ ਦੇ 10ਵੇਂ ਅਤੇ 12ਵੀਂ ਦੇ ਪੇਪਰ ਲੀਕ ਹੋਣ ਦੇ ਮਾਮਲੇ ਵਿਚ ਅੱਜ ਦਿੱਲੀ ਪੁਲਿਸ ਨੇ ਇਥੋਂ ਦੇ ਰਜਿੰਦਰ ਨਗਰ ਵਿਚ ਬਣੇ ਇਕ ਕੋਚਿੰਗ ਸੈਂਟਰ ਦੇ ਮਾਲਕ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਸੀਬੀਐਸਈ ਨੇ ਪੁਲਿਸ ਨੂੰ ਦਿਤੀ ਅਪਣੀ ਸ਼ਿਕਾਇਤ ਵਿਚ ਇਸ ਵਿਅਕਤੀ ਦਾ ਨਾਂ ਸ਼ਾਮਲ ਕੀਤਾ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ 12ਵੀਂ ਕਲਾਸ ਦੇ ਅਰਥਸ਼ਾਸਤਰ ਦਾ ਪੇਪਰ ਲੀਕ ਕਰਨ ਵਿਚ ਹੱਥ ਹੈ। ਇਹ ਵਿਅਕਤੀ ਦਿੱਲੀ ਯੂਨੀਵਰਸਟੀ ਤੋਂ ਪੜ੍ਹਿਆ ਹੈ ਅਤੇ ਬੱਚਿਆਂ ਨੂੰ ਮੈਥ ਅਤੇ ਅਰਥਸ਼ਾਸਤਰ ਦੀ ਟਿਊਸ਼ਨ ਦਿੰਦਾ ਹੈ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਹਾਲੇ ਤਕ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਜੋ ਇਸ ਗੱਲ ਵਲ ਇਸ਼ਾਰਾ ਕਰਦਾ ਹੋਵੇ ਕਿ ਇਸ ਮਾਮਲੇ ਵਿਚ ਸੀਬੀਐਸਈ ਦੇ ਅਧਿਕਾਰੀਆਂ ਦਾ ਵੀ ਹੱਥ ਹੈ। ਪਤਾ ਲੱਗਾ ਹੈ ਕਿ ਪੇਪਰ ਤੋਂ 24 ਘੰਟੇ ਪਹਿਲਾਂ ਇਹ 34 ਪ੍ਰੀਖਿਆਰਥੀਆਂ ਕੋਲ ਪਹੁੰਚ ਚੁਕਾ ਸੀ।
Paper Leak
ਦੂਜੇ ਪਾਸੇ, ਇਸ ਮਾਮਲੇ ਨੂੰ ਗੰਭੀਰ ਮੰਨਦਿਆਂ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸੀਬੀਐਸਈ ਦੇ ਅਕਸ ਨੂੰ ਦਾਗ਼ ਲੱਗ ਗਿਆ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ, ਇਸ ਦੇ ਲਈ ਪ੍ਰੀਖਿਆ ਵਿਵਸਥਾ ਵਿਚ ਬਦਲਾਅ ਸਮੇਤ ਜ਼ਰੂਰੀ ਉਪਾਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 16 ਲੱਖ ਵਿਦਿਆਰਥੀਆਂ ਨੇ ਪੇਪਰ ਦਿਤੇ ਸਨ ਅਤੇ ਪੇਪਰ ਲੀਕ ਹੋਣ ਕਾਰਨ ਪ੍ਰੀਖਿਆ ਰੱਦ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਾਂਗਰਸ ਨੇ ਇਸ ਮਾਮਲੇ ਵਿਚ ਪ੍ਰਕਾਸ਼ ਜਾਵੜੇਕਰ ਅਤੇ ਸੀਬੀਐਸਈ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। (ਏਜੰਸੀ)