
ਉਤਰਾਖੰਡ ਦੇ ਰੁਦਰਪੁਰ ਵਿਚ ਪੁਲਿਸ ਵਲੋਂ ਇਕ ਸਿੱਖ ਡਰਾਈਵਰ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਉਤਰਾਖੰਡ: ਉਤਰਾਖੰਡ ਦੇ ਰੁਦਰਪੁਰ ਵਿਚ ਪੁਲਿਸ ਵਲੋਂ ਇਕ ਸਿੱਖ ਡਰਾਈਵਰ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸਿੱਖ ਡਰਾਈਵਰ ਦੀ ਦਸਤਾਰ ਵੀ ਲਾਹ ਦਿਤੀ ਗਈ। ਇਸ ਘਟਨਾ ਨੂੰ ਲੈ ਕੇ ਰੁਦਰਪੁਰ ਵਿਚ ਰਹਿੰਦੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਦਰਅਸਲ ਇਕ ਜਾਣਕਾਰੀ ਅਨੁਸਾਰ ਸਿੱਖ ਡਰਾਈਵਰ ਕੋਲੋਂ ਕਥਿਤ ਤੌਰ 'ਤੇ ਗ਼ਲਤੀ ਨਾਲ ਗੱਡੀ ਨੋ ਐਂਟਰੀ ਵਿਚ ਦਾਖ਼ਲ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਗੱਡੀ ਨੂੰ ਰੋਕ ਲਿਆ ਅਤੇ ਉਸ ਨੂੰ ਖਿੱਚ ਕੇ ਗੱਡੀ ਵਿਚੋਂ ਹੇਠਾਂ ਲਾਹਿਆ ਅਤੇ ਉਸ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ।
ਜਾਣਕਾਰੀ ਅਨੁਸਾਰ ਇਸ ਦੌਰਾਨ ਜਦੋਂ ਸਿੱਖ ਡਰਾਈਵਰ ਨੇ ਅਪਣੀ ਕ੍ਰਿਪਾਨ ਕੱਢ ਲਈ ਤਾਂ ਪੁਲਿਸ ਨੇ ਪਹਿਲਾਂ ਉਪਰ ਨੂੰ ਫਾਈਰਿੰਗ ਕੀਤੀ ਅਤੇ ਫਿਰ ਹੇਠਾਂ ਫਾਈਰਿੰਗ ਕੀਤੀ, ਜਿਸ ਦੌਰਾਨ ਗੋਲੀ ਦੇ ਛਰਲੇ ਡਰਾਈਵਰ ਦੀਆਂ ਲੱਤਾਂ 'ਤੇ ਲੱਗੇ।
Sikh driver beaten by police
ਘਟਨਾ ਦਾ ਪਤਾ ਲਗਦਿਆਂ ਹੀ ਵੱਡੀ ਗਿਣਤੀ ਵਿਚ ਸਥਾਨਕ ਸਿੱਖ ਪੁਲਿਸ ਕਾਰਵਾਈ ਦਾ ਵਿਰੋਧ ਕਰਨ ਲਈ ਇਕੱਠੇ ਹੋ ਗਏ। ਕੁੱਝ ਸਮੇਂ ਵਿਚ ਹੀ ਰੁਦਰਪੁਰ ਦੇ ਗੁਰਦੁਆਰਾ ਸਿੰਘ ਸਭਾ ਦੀ ਗੋਲ ਮਾਰਕੀਟ ਵਿਚ ਸਿੱਖਾਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ ਅਤੇ ਪੁਲਿਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ, ਪਰ ਇਸ ਦੌਰਾਨ ਪੁਲਿਸ ਨੇ ਇਕੱਠੀ ਹੋਈ ਸਿੱਖ ਸੰਗਤ 'ਤੇ ਵੀ ਪੁਲਿਸ ਨੇ ਲਾਠੀਚਾਰਜ ਕਰ ਦਿਤਾ।
ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋਏ ਸਿੱਖਾਂ ਨੇ ਕਿਹਾ ਕਿ ਇਹ ਕੋਈ ਨਵੀਂ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਸਿੱਖ ਡਰਾਈਵਰਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਖਾਂ ਦਾ ਵਿਰੋਧ ਜਾਰੀ ਹੈ।