
ਵੀਵੀਪੈਟ ਦੇ 50 ਫ਼ੀਸਦੀ ਮਿਲਾਨ ਨਾਲ 5 ਦਿਨ ਦਾ ਲੱਗ ਸਕਦੈ ਵਾਧੂ ਸਮਾਂ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ 50 ਫ਼ੀਸਦੀ ਵੀਵੀਪੈਟ ਪਰਚੀਆਂ ਦੇ ਈ.ਵੀ.ਐਮ. ਨਾਲ ਮਿਲਾਨ ਦੀ ਮੰਗ ਵਾਲੀ ਪਟੀਸ਼ਨ ਦੇ ਜਵਾਬ ਵਿਚ ਸੁਪਰੀਮ ਕੋਰਟ ’ਚ ਕਿਹਾ ਕਿ ਇਸ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਦੇਰੀ ਹੋਵੇਗੀ। ਵਿਰੋਧੀ ਦਲਾਂ ਦੀ ਇਸ ਪਟੀਸ਼ਨ ਉਤੇ ਕਮਿਸ਼ਨ ਨੇ ਕਿਹਾ ਕਿ ਇਸ ਲਈ ਨਾ ਸਿਰਫ਼ ਵੱਡੀ ਗਿਣਤੀ ਵਿਚ ਸਮਰੱਥ ਸਟਾਫ਼ ਦੀ ਜ਼ਰੂਰਤ ਹੋਵੇਗੀ ਸਗੋਂ ਵੋਟਾਂ ਦੀ ਗਿਣਤੀ ਵਿਚ ਬਹੁਤ ਵੱਡੇ ਹਾਲ ਦੀ ਵੀ ਜ਼ਰੂਰਤ ਹੋਵੇਗੀ, ਜਦੋਂ ਕਿ ਇਨ੍ਹਾਂ ਦੀ ਕੁਝ ਸੂਬਿਆਂ ਵਿਚ ਪਹਿਲਾਂ ਤੋਂ ਹੀ ਕਮੀ ਹੈ।
Election Commission of India
ਜੇਕਰ ਵਿਰੋਧੀ ਦਲਾਂ ਦੀ ਈ.ਵੀ.ਐਮ ਅਤੇ ਵੀਵੀਪੈਟ ਪਰਚੀਆਂ ਦਾ ਮਿਲਾਨ 50 ਫ਼ੀਸਦੀ ਤੱਕ ਵਧਾਉਣ ਦੀ ਮੰਗ ਮੰਨ ਲਈ ਗਈ ਤਾਂ ਚੋਣ ਨਤੀਜੇ 5 ਦਿਨ ਦੀ ਦੇਰੀ ਨਾਲ ਆ ਸਕਦੇ ਹਨ। ਮਤਲਬ 23 ਮਈ ਦੀ ਥਾਂ 28 ਮਈ ਨੂੰ ਨਤੀਜੇ ਆਉਣਗੇ। ਜ਼ਿਕਰਯੋਗ ਹੈ ਕਿ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਇਕ ਚੋਣ ਖੇਤਰ ਵਿਚ ਘੱਟ ਤੋਂ ਘੱਟ 50 ਫ਼ੀਸਦੀ ਵੀਵੀਪੈਟ ਪਰਚੀਆਂ ਦਾ ਮਿਲਾਨ ਕੀਤਾ ਜਾਵੇ ਤਾਂ ਕਿ ਚੋਣ ਪ੍ਰਕਿਰਿਆ ਦੀ ਸ਼ੁੱਧਤਾ ਬਣੀ ਰਹੇ।
ਇਸ ਪਟੀਸ਼ਨ ਉਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨਾਲ ਵਿਚਾਰ ਕਰਨ ਲਈ ਕਿਹਾ ਸੀ। ਚੋਣ ਕਮਿਸ਼ਨ ਨੇ ਅਪਣੇ ਜਵਾਬ ਵਿਚ ਕਿਹਾ ਕਿ ਜੇਕਰ ਵੀਵੀਪੈਟ ਪਰਚੀਆਂ ਦਾ 50 ਫ਼ੀਸਦੀ ਮਿਲਾਨ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਦੀ ਗਿਣਤੀ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਘੱਟੋ-ਘੱਟ 5 ਦਿਨ ਦਾ ਵਾਧੂ ਸਮਾਂ ਲੱਗ ਸਕਦਾ ਹੈ। ਮਤਲਬ ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦਾ ਐਲਾਨ 23 ਮਈ ਦਾ ਥਾਂ 28 ਮਈ ਨੂੰ ਹੋ ਸਕੇਗਾ।