
ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦੇ ਘਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ।
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਦਿੱਲੀ ਪੁਲਿਸ ਦੀ ਮੌਜੂਦਗੀ ਵਿਚ ਹਮਲਾ ਹੋਇਆ ਹੈ। ਇਸ ਹਮਲੇ ਦੌਰਾਨ ਮੁੱਖ ਮੰਤਰੀ ਦੇ ਘਰ ਦੇ ਬਾਹਰ ਲੱਗੇ ਸੁਰੱਖਿਆ ਬੈਰੀਅਰ ਅਤੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ। ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦੇ ਘਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ।
Arvind Kejriwal's house attacked
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ ਕਿ 'ਸਮਾਜ ਵਿਰੋਧੀ ਅਨਸਰਾਂ ਨੇ ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਘਰ 'ਤੇ ਹਮਲਾ ਕਰਕੇ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਬੈਰੀਅਰ ਤੋੜ ਦਿੱਤੇ ਹਨ। ਗੇਟ ’ਤੇ ਲੱਗਿਆ ਬੂਮ ਬੈਰੀਅਰ ਵੀ ਤੋੜ ਦਿੱਤਾ ਗਿਆ ਹੈ’।
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ, ''ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਘਰ 'ਤੇ ਭਾਜਪਾ ਦੇ ਗੁੰਡਿਆਂ ਵਲੋਂ ਕੀਤਾ ਗਿਆ ਹਮਲਾ ਨਿੰਦਣਯੋਗ ਹੈ। ਪੁਲਿਸ ਦੀ ਮੌਜੂਦਗੀ ਵਿੱਚ ਗੁੰਡਿਆਂ ਨੇ ਬੈਰੀਕੇਡ ਅਤੇ ਸੀਸੀਟੀਵੀ ਕੈਮਰੇ ਤੋੜੇ ਹਨ। ਪੰਜਾਬ ਵਿਚ ਹੋਈ ਹਾਰ ਦੀ ਬੌਖ਼ਲਾਹਟ 'ਚ ਭਾਜਪਾ ਵਾਲੇ ਇੰਨੀ ਘਟੀਆ ਰਾਜਨੀਤੀ 'ਤੇ ਉਤਰ ਆਏ ਹਨ।''
ਦੂਜੇ ਪਾਸੇ 'ਆਪ' ਨੇਤਾ ਸੰਜੇ ਸਿੰਘ ਨੇ ਟਵੀਟ ਕੀਤਾ, “ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਇਸ਼ 'ਤੇ ਭਾਜਪਾ ਦੇ ਗੁੰਡਿਆਂ ਨੇ ਹਮਲਾ ਕੀਤਾ ਹੈ ਅਤੇ ਉਹਨਾਂ ਨੂੰ ਰੋਕਣ ਦੀ ਬਜਾਏ ਦਿੱਲੀ ਪੁਲਿਸ ਉਹਨਾਂ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਭਾਜਪਾ ਵਾਲਿਆਂ ਨੂੰ ਯਾਦ ਰੱਖੋ, ਸਭ ਦਾ ਹਿਸਾਬ ਲਿਆ ਜਾਵੇਗਾ, ਇਹ ਲੋਕਤੰਤਰ ਹੈ, ਇੱਥੇ ਲੋਕ ਤੁਹਾਨੂੰ ਸਮਾਂ ਆਉਣ 'ਤੇ ਵੋਟਾਂ ਦੇ ਡੰਡਿਆਂ ਨਾਲ ਕੁੱਟਣਗੇ”। ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਤੋਂ ਵਿਧਾਇਕ ਆਤਿਸ਼ੀ ਵਲੋਂ ਵੀ ਇਸ ਹਮਲੇ ਨੂੰ ਸ਼ਰਮਨਾਕ ਦੱਸਿਆ ਗਿਆ।