
ਹਾਈ ਕੋਰਟ ਨੇ ਇਹ ਵੀ ਕਿਹਾ ਕਿ ਪਟੀਸ਼ਨਕਰਤਾ ਨੂੰ ਸਾਰੇ ਮੁਲਜ਼ਮਾਂ ਨੇ ‘ਪਰੇਸ਼ਾਨ’ ਕੀਤਾ ਅਤੇ ‘ਬੇਰਹਿਮੀ ਨਾਲ ਤਸੀਹੇ ਦਿਤੇ’।
Patna High Court News: ਪਟਨਾ : ਪਟਨਾ ਹਾਈ ਕੋਰਟ ਨੇ ਕਿਹਾ ਹੈ ਕਿ ਅਸਹਿਮਤੀ ਕਾਰਨ ਵੱਖ-ਵੱਖ ਰਹਿ ਰਹੇ ਜੋੜੇ ਜੇਕਰ ‘ਮਾੜੀ ਭਾਸ਼ਾ’ ਦੀ ਵਰਤੋਂ ਕਰਦੇ ਹਨ ਅਤੇ ਇਕ-ਦੂਜੇ ਨੂੰ ‘ਭੂਤ’ ਅਤੇ ‘ਪਿਸ਼ਾਚ’ ਵਰਗੇ ਨਾਵਾਂ ਨਾਲ ਬੁਲਾਉਂਦੇ ਹਨ ਤਾਂ ਇਹ ਬੇਰਹਿਮੀ ਦੇ ਘੇਰੇ ’ਚ ਨਹੀਂ ਆਉਂਦਾ ਹੈ।
ਇਹ ਟਿਪਣੀ ਜਸਟਿਸ ਬਿਬੇਕ ਚੌਧਰੀ ਦੀ ਬੈਂਚ ਨੇ ਝਾਰਖੰਡ ਦੀ ਸਰਹੱਦ ਨਾਲ ਲਗਦੇ ਬੋਕਾਰੋ ਦੇ ਵਸਨੀਕ ਸਹਿਦੇਵ ਗੁਪਤਾ ਅਤੇ ਉਸ ਦੇ ਬੇਟੇ ਨਰੇਸ਼ ਕੁਮਾਰ ਗੁਪਤਾ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀ। ਪਿਤਾ-ਪੁੱਤਰ ਨੇ ਨਰੇਸ਼ ਗੁਪਤਾ ਦੀ ਤਲਾਕਸ਼ੁਦਾ ਪਤਨੀ ਦੀ ਸ਼ਿਕਾਇਤ ’ਤੇ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੀਆਂ ਅਦਾਲਤਾਂ ਵਲੋਂ ਦਿਤੇ ਗਏ ਹੁਕਮ ਨੂੰ ਚੁਨੌਤੀ ਦਿਤੀ ਸੀ। ਸ਼ਿਕਾਇਤਕਰਤਾ ਨੇ 1994 ਵਿਚ ਅਪਣੇ ਪਤੀ ਅਤੇ ਸਹੁਰੇ ਵਿਰੁਧ ਦਾਜ ਵਿਚ ਕਾਰ ਦੀ ਮੰਗ ਨੂੰ ਲੈ ਕੇ ਉਸ ’ਤੇ ਦਬਾਅ ਪਾਉਣ ਲਈ ਸਰੀਰਕ ਅਤੇ ਭੌਤਿਕ ਤਸੀਹੇ ਦੇਣ ਦਾ ਦੋਸ਼ ਲਗਾਇਆ ਸੀ।
ਬਾਅਦ ’ਚ ਪਿਤਾ-ਪੁੱਤਰ ਦੀ ਬੇਨਤੀ ’ਤੇ ਮਾਮਲਾ ਨਵਾਦਾ ਤੋਂ ਨਾਲੰਦਾ ਤਬਦੀਲ ਕਰ ਦਿਤਾ ਗਿਆ, ਜਿਨ੍ਹਾਂ ਨੂੰ 2008 ’ਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਇਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ ਅਤੇ 10 ਸਾਲ ਬਾਅਦ ਵਧੀਕ ਸੈਸ਼ਨ ਕੋਰਟ ਨੇ ਉਨ੍ਹਾਂ ਦੀ ਅਪੀਲ ਖਾਰਜ ਕਰ ਦਿਤੀ ਸੀ। ਇਸ ਦੌਰਾਨ ਝਾਰਖੰਡ ਦੀ ਇਕ ਅਦਾਲਤ ’ਚ ਦੋਹਾਂ ਦਾ ਤਲਾਕ ਹੋ ਗਿਆ।
ਪਟਨਾ ਹਾਈ ਕੋਰਟ ’ਚ ਦਾਇਰ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਤਲਾਕਸ਼ੁਦਾ ਔਰਤ ਦੇ ਵਕੀਲ ਨੇ ਦਲੀਲ ਦਿਤੀ ਕਿ 21ਵੀਂ ਸਦੀ ’ਚ ਇਕ ਔਰਤ ਨੂੰ ਉਸ ਦੇ ਸਹੁਰੇ ਪਰਵਾਰ ਵਲੋਂ ‘ਭੂਤ’ ਅਤੇ ‘ਪਿਸ਼ਾਚ’ ਕਿਹਾ ਜਾਂਦਾ ਸੀ, ਜੋ ਕਿ ਬੇਰਹਿਮੀ ਦਾ ਇਕ ਰੂਪ ਹੈ।
ਹਾਲਾਂਕਿ ਅਦਾਲਤ ਨੇ ਕਿਹਾ ਕਿ ਉਹ ਅਜਿਹੀ ਦਲੀਲ ਨੂੰ ਮਨਜ਼ੂਰ ਕਰਨ ਦੀ ਸਥਿਤੀ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਆਹੁਤਾ ਸਬੰਧਾਂ ਖਾਸ ਕਰ ਕੇ ਅਸਫਲ ਵਿਆਹੁਤਾ ਸਬੰਧਾਂ ’ਚ ਪਤੀ-ਪਤਨੀ ਦੋਹਾਂ ਵਲੋਂ ਇਕ-ਦੂਜੇ ਨੂੰ ਗੰਦੀ ਭਾਸ਼ਾ ਨਾਲ ਗਾਲ੍ਹਾਂ ਕੱਢਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਂਕਿ, ਅਜਿਹੇ ਸਾਰੇ ਦੋਸ਼ ਬੇਰਹਿਮੀ ਦੇ ਦਾਇਰੇ ’ਚ ਨਹੀਂ ਆਉਂਦੇ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਪਟੀਸ਼ਨਕਰਤਾ ਨੂੰ ਸਾਰੇ ਮੁਲਜ਼ਮਾਂ ਨੇ ‘ਪਰੇਸ਼ਾਨ’ ਕੀਤਾ ਅਤੇ ‘ਬੇਰਹਿਮੀ ਨਾਲ ਤਸੀਹੇ ਦਿਤੇ’। ਇਸ ਅਨੁਸਾਰ, ਹੇਠਲੀਆਂ ਅਦਾਲਤਾਂ ਵਲੋਂ ਪਾਸ ਕੀਤੇ ਗਏ ਫੈਸਲਿਆਂ ਨੂੰ ਰੱਦ ਕਰ ਦਿਤਾ ਗਿਆ ਸੀ, ਹਾਲਾਂਕਿ ਲਾਗਤ ਬਾਰੇ ਕੋਈ ਹੁਕਮ ਨਹੀਂ ਸੀ।