
ਚੋਣਾਂ ਲਈ ਆਂਧਰ ਪ੍ਰਦੇਸ਼ ’ਚ ਭਾਜਪਾ ਨਾਲ ਗੱਠਜੋੜ ’ਚ ਹੈ TDP
ਅਮਰਾਵਤੀ: ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਨੇ ਦਿੱਲੀ ਆਬਕਾਰੀ ਨੀਤੀ ਘਪਲੇ ਦੇ ਦੋਸ਼ੀ ਤੋਂ ਸਰਕਾਰੀ ਗਵਾਹ ਬਣੇ ਰਾਘਵ ਮਗੁੰਤਾ ਦੇ ਪਿਤਾ ਐਮ. ਸ੍ਰੀਨਿਵਾਸੁਲੂ ਰੈੱਡੀ ਨੂੰ ਓਂਗੋਲ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ।
ਸ੍ਰੀਨਿਵਾਸੁਲੂ ਰੈੱਡੀ 2019 ’ਚ ਸੱਤਾਧਾਰੀ ਵਾਈ.ਐਸ.ਆਰ.ਸੀ.ਪੀ. ਦੀ ਟਿਕਟ ’ਤੇ ਓਂਗੋਲ ਲੋਕ ਸਭਾ ਹਲਕੇ ਤੋਂ ਚੁਣੇ ਗਏ ਸਨ। ਉਨ੍ਹਾਂ ਨੇ ਹਾਲ ਹੀ ’ਚ ਵਾਈ.ਐਸ. ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਪਾਰਟੀ ’ਚ ‘ਸਵੈ-ਮਾਣ’ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਛੱਡ ਦਿਤੀ ਸੀ। ਟੀ.ਡੀ.ਪੀ. ਨੇ ਸ਼ੁਕਰਵਾਰ ਨੂੰ ਓਂਗੋਲ ਹਲਕੇ ਤੋਂ ਸ਼੍ਰੀਨਿਵਾਸੁਲੂ ਰੈੱਡੀ ਦੀ ਉਮੀਦਵਾਰੀ ਦਾ ਐਲਾਨ ਕੀਤਾ।
ਸੀਟਾਂ ਦੀ ਵੰਡ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਆਸੀ ਵਿਸ਼ਲੇਸ਼ਕ ਤੇਲਕਾਪੱਲੀ ਰਵੀ ਨੇ ਕਿਹਾ ਕਿ ਇਹ ਅੱਜ ਦੀ ਸਿਆਸਤ ’ਚ ਆਪਾ-ਵਿਰੋਧੀ ਗੱਲ ਹੈ। ਉਨ੍ਹਾਂ ਕਿਹਾ, ‘‘ਉੱਚ ਨੈਤਿਕਤਾ ਬਾਰੇ ਗੱਲ ਕਰਦੇ ਸਮੇਂ ਦੂਜਿਆਂ ਦੀ ਆਲੋਚਨਾ ਕਰਦੇ ਸਮੇਂ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਸਮੇਂ, ਅਸੀਂ ਅਪਣੇ ਲਈ ਨੈਤਿਕਤਾ ਬਾਰੇ ਭੁੱਲ ਜਾਂਦੇ ਹਾਂ।’’
ਰਾਘਵ ਨੂੰ ਪਿਛਲੇ ਸਾਲ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸ਼ਰਾਬ ਘਪਲੇ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਹ ਸਰਕਾਰੀ ਗਵਾਹ ਬਣ ਗਿਆ ਸੀ। ਟੀ.ਡੀ.ਪੀ. ਆਉਣ ਵਾਲੀਆਂ ਚੋਣਾਂ ਲਈ ਦਖਣੀ ਰਾਜ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗੱਠਜੋੜ ’ਚ ਹੈ। ਇਸ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਰਿਹਾ ਹੈ।