
ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਅਪੀਲ ਕੀਤੀ ਹੈ
ਨਵੀਂ ਦਿੱਲੀ, 29 ਅਪ੍ਰੈਲ (ਅਮਨਦੀਪ ਸਿੰਘ): ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਕਾਰਨ ਹੋਈ ਤਾਲਾਬੰਦੀ 'ਚ ਬੱਚਿਆਂ ਦੇ ਸਕੂਲੀ ਸਿਲੇਬਸ ਵਿਚ 30 ਫ਼ੀ ਸਦੀ ਦੀ ਕਟੌਤੀ ਕਰ ਦਿਤੀ ਜਾਵੇ ਅਤੇ ਰਹਿੰਦੇ 30 ਫ਼ੀ ਸਦੀ ਸਿਲੇਬਸ ਨੂੰ 2021-22 ਦੇ ਵਿਦਿਅਕ ਵਰ੍ਹੇ ਵਿਚ ਜੋੜ ਦਿਤਾ ਜਾਵੇ ਤਾਕਿ ਬੱਚਿਆਂ ਦੀ ਪੜ੍ਹਾਈ ਅਸਰਅੰਦਾਜ਼ ਨਾ ਹੋਵੇ।
ਤਾਲਾਬੰਦੀ ਦੇ ਮਾਹੌਲ ਵਿਚ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਵਲੋਂ ਸੂਬਿਆਂ ਦੇ ਸਿਖਿਆ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸਿੰਗ ਰਾਹੀਂ ਬੱਚਿਆਂ ਦੀ ਪੜ੍ਹਾਈ ਦੇ ਮੁੱਦੇ 'ਤੇ ਹੋਈ ਮੀਟਿੰਗ ਵਿਚ ਦਿੱਲੀ ਦੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਸੁਝਾਅ ਦਿਤਾ ਹੈ
ਕਿ ਇਸ ਸਾਲ ਦੇ ਸੀਬੀਐਸਈ ਅਤੇ ਐਨਸੀਈਆਰਟੀ ਦੇ ਸਿਲੇਬਸ ਵਿਚ 30 ਫ਼ੀ ਸਦੀ ਦੀ ਕਟੌਤੀ ਕਰ ਦਿਤੀ ਜਾਵੇ ਅਤੇ ਅਗਲੇ ਸਾਲ ਦੇ ਸੀਬੀਐਸਈ ਦੇ ਬੋਰਡ ਇਮਤਿਹਾਨਾਂ ਸਣੇ ਆਈਆਈਟੀ, ਜੇਈਈ, ਨੀਟ ਅਤੇ ਯੂਨੀਵਰਸਟੀਆਂ ਦੇ ਇਮਤਿਹਾਨ ਵੀ ਇਸੇ ਤਰਜ਼ 'ਤੇ ਲਏ ਜਾਣ ਕਿਉਂਕਿ ਕੋਰੋਨਾ ਕਰ ਕੇ, ਸਰੀਰਕ ਦੂਰੀ ਬਣਾ ਕੇ ਰੱਖਣ ਦੇ ਅਮਲ ਕਾਰਨ ਇਸ ਸਾਲ ਦੇ ਸੀਬੀਐਸਈ ਦੇ 10 ਵੀਂ ਤੇ 12ਵੀਂ ਦੇ ਬੋਰਡ ਦੇ ਬਕਾਇਆ ਇਮਤਿਹਾਨ ਕਰਵਾਉਣੇ ਸੌਖੇ ਨਹੀਂ ਹੋਣਗੇ। ਦਿੱਲੀ ਦਾ ਅਪਣਾ ਕੋਈ ਵਖਰਾ ਸਿਖਿਆ ਬੋਰਡ ਨਹੀਂ ਹੈ ਅਤੇ ਸੀਬੀਐਸਈ ਅਧੀਨ ਹੀ ਦਿੱਲੀ ਦੇ ਲੱਖਾਂ ਵਿਦਿਆਰਥੀ ਇਮਤਿਹਾਨ ਦਿੰਦੇ ਹਨ, ਇਸ ਲਈ ਸੀਬੀਐਸਈ ਨੂੰ ਇਸ ਸਲਾਹ ਨੂੰ ਮੰਨ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 9 ਵੀਂ ਤੇ 11ਵੀਂ ਦੇ ਵਿਦਿਆਰਥੀਆਂ ਨੂੰ ਅੰਦਰੂਨੀ ਪੜਚੋਲ 'ਤੇ ਹੁਣ ਤਕ ਹੋ ਚੁਕੇ ਇਮਤਿਹਾਨਾਂ ਦੇ ਆਧਾਰ 'ਤੇ ਨੰਬਰ ਦੇਣ ਦਾ ਫ਼ੈਸਲਾ ਲਿਆ ਗਿਆ ਹੈ, ਉਸੇ ਤਰ੍ਹ੍ਹਾਂ 10 ਵੀਂ ਤੇ 12 ਵੀਂ ਦੇ ਬੱਚਿਆਂ ਲਈ ਵੀ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦਿੱਲੀ ਸਰਕਾਰ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀਆਂ ਲਾਈਆਂ ਜਾ ਰਹੀਆਂ ਆਨਲਾਈਨ ਕਲਾਸਾਂ ਨੂੰ ਐਮਐਚਆਰਡੀ ਦੂਰਦਰਸ਼ਨ ਅਤੇ ਏਅਰ ਐਫ ਐਮ 'ਤੇ ਇਕ ਮਿੱਥੇ ਸਮੇਂ ਮੁਤਾਬਕ ਪ੍ਰਸਾਰਤ ਕਰਨਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਦਿੱਲੀ ਦੇ ਬਹੁਤੇ ਵਿਦਿਆਰਥੀਆਂ ਕੋਲ ਸਮਾਰਟ ਫ਼ੋਨ ਨਹੀ ਹਨ ਅਤੇ ਸਿਰਫ਼ 68 ਫ਼ੀ ਸਦੀ ਬੱਚੇ ਹੀ ਹਾਲ ਦੀ ਘੜੀ ਇਸ ਸਹੂਲਤ ਦਾ ਫ਼ਾਇਦਾ ਚੁਕ ਰਹੇ ਹਨ ਕਿਉਂਕਿ ਮਾਪਿਆਂ ਦੇ ਘਰ ਰਹਿਣ ਕਾਰਨ ਬੱਚੇ ਉਨਾਂ੍ਹ ਦੇ ਸਮਾਰਟ ਫ਼ੋਨ ਦੀ ਵਰਤੋਂ ਕਰ ਰਹੇ ਹਨ।