ਵੋਟਿੰਗ ਬਾਰੇ ਆਖ਼ਰੀ ਅੰਕੜੇ ਜਾਰੀ ਨਾ ਕਰਨ ’ਤੇ ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ
ਅੰਤਿਮ ਚੋਣ ਅੰਕੜੇ ਪੋਸਟਲ ਬੈਲਟ ਅਤੇ ਕੁਲ ਵੋਟਾਂ ਦੀ ਗਿਣਤੀ ਨੂੰ ਜੋੜਨ ਤੋਂ ਬਾਅਦ ਹੀ ਉਪਲਬਧ ਹੋਣਗੇ : ਚੋਣ ਕਮਿਸ਼ਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਦਸਿਆ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਅਤੇ ਦੂਜੇ ਪੜਾਅ ’ਚ ਲੜੀਵਾਰ 66.14 ਫੀ ਸਦੀ ਅਤੇ 66.71 ਫੀ ਸਦੀ ਵੋਟਿੰਗ ਹੋਈ। ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਅਤੇ ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਦੋ ਪੜਾਵਾਂ ਲਈ ਅੰਤਿਮ ਵੋਟਿੰਗ ਫ਼ੀ ਸਦੀ ਦੇ ਅੰਕੜਿਆਂ ਦਾ ਐਲਾਨ ਕਰਨ ’ਚ ਲੰਬੀ ਦੇਰੀ ਨੂੰ ਲੈ ਕੇ ਮੰਗਲਵਾਰ ਨੂੰ ਚੋਣ ਕਮਿਸ਼ਨ ’ਤੇ ਸਵਾਲ ਚੁੱਕੇ।
ਚੋਣ ਕਮਿਸ਼ਨ ਨੇ ਅਧਿਕਾਰਤ ਤੌਰ ’ਤੇ ਪੋਲ ਦੇ ਅੰਕੜਿਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਪਹਿਲੇ ਪੜਾਅ ’ਚ 102 ਸੀਟਾਂ ਲਈ 66.22 ਫੀ ਸਦੀ ਮਰਦਾਂ ਅਤੇ 66.07 ਫੀ ਸਦੀ ਮਹਿਲਾ ਵੋਟਰਾਂ ਨੇ ਅਪਣੀ ਵੋਟ ਪਾਈ, ਜਦਕਿ ਕੁਲ ਰਜਿਸਟਰਡ ਤੀਜੇ ਲਿੰਗ ਦੇ ਵੋਟਰਾਂ ’ਚੋਂ 31.32 ਫੀ ਸਦੀ ਨੇ ਅਪਣੀ ਵੋਟ ਪਾਈ। ਕਮਿਸ਼ਨ ਮੁਤਾਬਕ 2019 ਦੀਆਂ ਚੋਣਾਂ ’ਚ ਪਹਿਲੇ ਪੜਾਅ ’ਚ 69.43 ਫੀ ਸਦੀ ਵੋਟਿੰਗ ਹੋਈ ਸੀ।
ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਨੂੰ ਸਮਾਪਤ ਹੋਈ ਸੀ, ਜਿਸ ’ਚ 88 ਸੀਟਾਂ ਲਈ 66.99 ਫੀ ਸਦੀ ਮਰਦਾਂ ਅਤੇ 66.42 ਫੀ ਸਦੀ ਮਹਿਲਾ ਵੋਟਰਾਂ ਨੇ ਵੋਟਿੰਗ ਕੀਤੀ ਸੀ। ਤੀਜੇ ਲਿੰਗ ਦੇ ਰਜਿਸਟਰਡ ਵੋਟਰਾਂ ਵਿਚੋਂ 23.86 ਫੀ ਸਦੀ ਨੇ ਵੋਟ ਪਾਈ। ਅੰਕੜਿਆਂ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ 69.64 ਫੀ ਸਦੀ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਅੰਤਿਮ ਚੋਣ ਅੰਕੜੇ ਪੋਸਟਲ ਬੈਲਟ ਅਤੇ ਕੁਲ ਵੋਟਾਂ ਦੀ ਗਿਣਤੀ ਨੂੰ ਜੋੜਨ ਤੋਂ ਬਾਅਦ ਹੀ ਉਪਲਬਧ ਹੋਣਗੇ।
ਪੋਸਟਲ ਬੈਲਟ ’ਚ ਵੋਟ ਪਾਉਣ ਦੀ ਸਹੂਲਤ ਸੇਵਾ ਵੋਟਰਾਂ, ਗੈਰ ਹਾਜ਼ਰ ਵੋਟਰਾਂ, 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ, ਅਪਾਹਜਾਂ, ਜ਼ਰੂਰੀ ਸੇਵਾਵਾਂ ਅਤੇ ਚੋਣ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੂੰ ਦਿਤੀ ਜਾਂਦੀ ਹੈ। ਕਮਿਸ਼ਨ ਨੇ ਕਿਹਾ ਕਿ ਰੋਜ਼ਾਨਾ ਪ੍ਰਾਪਤ ਹੋਣ ਵਾਲੇ ਪੋਸਟਲ ਬੈਲਟਾਂ ਬਾਰੇ ਜਾਣਕਾਰੀ ਸਾਰੇ ਉਮੀਦਵਾਰਾਂ ਨੂੰ ਦਿਤੀ ਜਾਂਦੀ ਹੈ।