
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਦਿਹਾਂਤ ਹੋ ਗਿਆ ਹੈ।
ਨਵੀਂ ਦਿੱਲੀ, 29 ਮਈ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਦਿਹਾਂਤ ਹੋ ਗਿਆ ਹੈ। ਪਿਛਲੇ ਕਈ ਦਿਨਾਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਹ ਲਗਭਗ 20 ਦਿਨ ਹਪਤਸਾਲ ਵਿਚ ਦਾਖ਼ਲ ਰਹੇ ਅਤੇ ਅੱਜ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਅਕਾਲ ਚਲਾਣੇ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਮਿਤ ਜੋਗੀ ਨੇ ਟਵੀਟ 'ਤੇ ਦਿਤੀ। ਅਮਿਤ ਜੋਗੀ ਨੇ ਲਿਖਿਆ ਕਿ ਕੇਵਲ ਮੈਂ ਹੀ ਨਹੀਂ ਬਲਕਿ ਛੱਤੀਸਗੜ੍ਹ ਨੇ ਅਪਣਾ ਪਿਤਾ ਖੋਇਆ ਹੈ। ਅਜੀਤ ਜੋਗੀ ਢਾਈ ਕਰੋੜ ਲੋਕਾਂ ਦੇ ਅਪਣੇ ਪਰਵਾਰ ਨੂੰ ਛਡ ਕੇ ਪਰਮਾਤਮਾ ਕੋਲ ਚਲੇ ਗਏ ਹਨ। ਅਮਿਤ ਨੇ ਕਿਹਾ ਕਿ ਪਿੰਡ-ਗ਼ਰੀਬ ਦਾ ਸਹਾਰਾ, ਛੱਤੀਸਗੜ੍ਹ ਦਾ ਦੁਲਾਰਾ, ਸਾਡੇ ਤੋਂ ਬਹੁਤ ਦੂਰ ਚਲਾ ਗਿਆ ਹੈ।
File photo
ਅਜੀਤ ਜੋਗੀ ਦੀ 74 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਚ ਉਤਰਾਅ ਚੜ੍ਹਾਅ ਆ ਰਹੇ ਸਨ। ਉਨ੍ਹਾਂ ਨੂੰ 9 ਮਈ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਰਾਏਪੁਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਵਿਗੜਦੀ ਵੇਖ ਕੇ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਹੋਇਆ ਸੀ। ਹਸਪਤਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਦੀ ਹਾਲਤ ਬਾਰੇ ਟਵੀਨ ਕੀਤਾ ਸੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਿਵੇਂ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਸਰਕਾਰ ਵਲੋਂ ਮੁਹਿੰਮ ਚਲਾਈ ਗਈ ਹੈ ਉਸੇ ਤਰ੍ਹਾਂ ਮਜ਼ਦੂਰਾਂ ਨੂੰ ਘਰ ਤਕ ਪਹੁੰਚਾਉਣ ਲਈ ਕੋਈ ਅਭਿਆਨ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਅਜੀਤ ਜੋਗੀ ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਰਹੇ ਹਨ। ਛੱਤੀਸਗੜ੍ਹ ਤੋਂ ਮੱਧ ਪ੍ਰਦੇਸ਼ ਦੀ ਵੰਡ ਤੋਂ ਬਾਅਦ ਉਹ ਨਵੰਬਰ 2000 ਤੋਂ ਨਵੰਬਰ 2003 ਤਕ ਮੁੱਖ ਮੰਤਰੀ ਰਹੇ। ਜੋਗੀ ਨੇ 2016 'ਚ ਕਾਂਗਰਸ ਛੱਡ ਦਿਤੀ ਅਤੇ ਅਪਣੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੀ ਸਥਾਪਨਾ ਕੀਤੀ ਸੀ। ਅਜੀਤ ਜੋਗੀ ਦੋ ਵਾਰ ਰਾਜ ਸਭਾ ਮੈਂਬਰ, ਦੋ ਵਾਰ ਲੋਕ ਸਭਾ ਮੈਂਬਰ, ਇਕ ਵਾਰ ਮੁੱਖ ਮੰਤਰੀ ਹੋਣ ਤੋਂ ਇਲਾਵਾ ਕਾਂਗਰਸ ਦੇ ਕੌਮੀ ਬੁਲਾਰੇ ਹੋਣ ਦਾ ਰਿਕਾਰਡ ਵੀ ਉਨ੍ਹਾਂ ਦੇ ਖਾਤੇ ਵਿਚ ਦਰਜ ਹੈ। ਉਨ੍ਹਾਂ ਦੇ ਰਾਜਨੀਤਿਕ ਜੀਵਨ ਬਾਰੇ ਕਈ ਕਹਾਣੀਆਂ ਹਨ। (ਪੀਟੀਆਈ)