
ਭਾਰਤੀ ਦੂਰਸੰਚਾਰ ਰੈਗੂਲੇਟਰੀ ਬੋਰਡ (ਟਰਾਈ) ਦੇ ਪ੍ਰਧਾਨ ਆਰ.ਐਸ. ਸ਼ਰਮਾ ਨੇ ਆਧਾਰ ਨੰਬਰ ਦੀ ਸੁਰੱਖਿਆ ਦਾ ਪੁਖ਼ਤਾ ਦਾਅਵਾ ਕਰਦੇ ਹੋਏ ਅਪਣਾ 12 ਅੰਕਾਂ ...
ਨਵੀਂ ਦਿੱਲੀ, ਭਾਰਤੀ ਦੂਰਸੰਚਾਰ ਰੈਗੂਲੇਟਰੀ ਬੋਰਡ (ਟਰਾਈ) ਦੇ ਪ੍ਰਧਾਨ ਆਰ.ਐਸ. ਸ਼ਰਮਾ ਨੇ ਆਧਾਰ ਨੰਬਰ ਦੀ ਸੁਰੱਖਿਆ ਦਾ ਪੁਖ਼ਤਾ ਦਾਅਵਾ ਕਰਦੇ ਹੋਏ ਅਪਣਾ 12 ਅੰਕਾਂ ਦਾ ਆਧਾਰ ਨੰਬਰ ਜਾਰੀ ਕਰਦੇ ਹੋਏ ਕਿਹਾ ਸੀ ਕਿ 'ਜੇਕਰ ਇਸ ਨਾਲ ਸੁਰੱਖਿਆ ਨਾਲ ਜੁੜਿਆ ਖ਼ਤਰਾ ਹੈ ਤਾਂ ਕੋਈ ਮੇਰੇ ਅੰਕੜੇ ਲੀਕ ਕਰ ਕੇ ਵਿਖਾਏ।' ਹਾਲਾਂਕਿ ਉਨ੍ਹਾਂ ਦੀ ਇਸ ਚੁਨੌਤੀ ਦੇ ਕੁੱਝ ਘੰਟੇ ਬਾਅਦ ਹੀ ਉਨ੍ਹਾਂ ਦੇ ਆਧਾਰ ਨਾਲ ਜੁੜੇ ਸਾਰੇ ਅੰਕੜੇ ਲੀਕ ਹੋ ਗਏ।
ਇਲੀਅਟ ਐਲਡਰਸਨ ਉਪਨਾਮ ਵਾਲੇ ਫ਼ਰਾਂਸ ਦੇ ਇਕ ਸੁਰੱਖਿਆ ਮਾਹਰ ਨੇ ਟਵੀਟ ਦੀ ਲੜੀ ਵਿਚ ਸ਼ਰਮਾ ਦੇ ਨਿੱਜੀ ਜੀਵਨ ਦੇ ਕਈ ਅੰਕੜੇ ਉਨ੍ਹਾਂ ਦੇ 12 ਅੰਕਾਂ ਦੇ ਆਧਾਰ ਨੰਬਰ ਦੇ ਜ਼ਰੀਏ ਇਕੱਠੇ ਕਰ ਕੇ ਜਾਰੀ ਕਰ ਦਿਤੇ, ਜਿਨ੍ਹਾਂ ਵਿਚ ਸ਼ਰਮਾ ਦਾ ਘਰ ਦਾ ਪਤਾ, ਜਨਮ ਤਰੀਕ, ਦੂਜਾ ਫ਼ੋਨ ਨੰਬਰ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਅੰਕੜਿਆਂ ਨੂੰ ਜਾਰੀ ਕਰਦੇ ਹੋਏ ਸ਼ਰਮਾ ਨੂੰ ਦਸਿਆ ਕਿ ਆਧਾਰ ਨੰਬਰ ਨੂੰ ਜਨਤਕ ਕਰਨ ਵਿਚ ਕੀ ਖ਼ਤਰੇ ਹੋ ਸਕਦੇ ਹਨ।
TRAI Chief RS Sharma
ਲਡਰਸਨ ਨੇ ਲਿਖਿਆ ਕਿ ਆਧਾਰ ਨੰਬਰ ਅਸੁਰੱਖਿਅਤ ਹੈ। ਲੋਕ ਤੁਹਾਡਾ ਨਿੱਜੀ ਪਤਾ, ਫ਼ੋਨ ਨੰਬਰ ਤੋਂ ਲੈ ਕੇ ਕਾਫ਼ੀ ਕੁੱਝ ਜਾਣ ਸਕਦੇ ਹਨ। ਮੈਂ ਇਥੇ ਹੀ ਰੁਕਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਤੁਹਾਡਾ ਆਧਾਰ ਨੰਬਰ ਜਨਤਕ ਕਰਨਾ ਇਕ ਚੰਗਾ ਵਿਚਾਰ ਨਹੀਂ ਹੈ। ਸ਼ਰਮਾ, ਆਧਾਰ ਯੋਜਨਾ ਦੇ ਸੱਭ ਤੋਂ ਵੱਡੇ ਸਮਰਥਕਾਂ ਵਿਚੋਂ ਮੰਨੇ ਜਾਂਦੇ ਹਨ।
ਉਨ੍ਹਾਂ ਦਾ ਅਜੇ ਵੀ ਕਹਿਣਾ ਹੈ ਕਿ ਇਹ ਵਿਸ਼ੇਸ਼ ਨੰਬਰ ਕਿਸੇ ਦੀ ਨਿਜਤਾ ਦਾ ਉਲੰਘਣ ਨਹੀਂ ਕਰਦੀ ਹੈ ਅਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਡੈਟਾਬੇਸ ਬਣਾਉਣ ਦਾ ਅਧਿਕਾਰ ਹੈ, ਤਾਕਿ ਉਹ ਸਰਕਾਰੀ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਤਹਿਤ ਨਾਗਰਿਕਾ ਨੂੰ ਸਬਸਿਡੀ ਦੇ ਸਕੇ। ਆਧਾਰ ਨੂੰ ਲੈ ਕੇ ਨਿਜਤਾ ਦੀ ਚਿੰਤਾ ਦਾ ਮਾਮਲਾ ਸੁਪਰੀਮ ਕੋਰਟ ਤਕ ਪਹੁੰਚ ਚੁਕਿਆ ਹੈ
ਅਤੇ ਵਰਕਰਾਂ ਤੋਂ ਲੈ ਕੇ ਆਮ ਜਨਤਾ ਤਕ ਨੂੰ ਡਰ ਹੈ ਕਿ ਉਨ੍ਹਾਂ ਦਾ 12 ਅੰਕਾਂ ਦਾ ਬਾਇਓਮੀਟ੍ਰਿਕ ਨੰਬਰ ਕਿਤੇ ਨਿਜਤਾ ਲਈ ਹਾਨੀਕਾਰਕ ਤਾਂ ਨਹੀਂ ਹੈ। ਸ਼ਰਮਾ ਦਾ ਕਾਰਜਕਾਲ ਨੌਂ ਅਗੱਸਤ ਨੂੰ ਖ਼ਤਮ ਹੋ ਰਿਹਾ ਹੈ। ਐਂਡਰਸਨ ਨੇ ਆਧਾਰ ਨੰਬਰ ਦੀ ਮਦਦ ਨਾਲ ਸ਼ਰਮਾ ਦੀਆਂ ਨਿੱਜੀ ਤਸਵੀਰਾਂ ਤਕ ਲੱਭ ਦਿਤੀਆਂ ਅਤੇ ਟਵੀਟ ਕਰ ਕੇ ਪ੍ਰਕਾਸ਼ਤ ਕਰਦੇ ਹੋਏ ਲਿਖਿਆ ਕਿ 'ਮੈਂ ਸਮਝਦਾ ਹਾਂ ਕਿ ਇਸ ਤਸਵੀਰ ਵਿਚ ਤੁਹਾਡੀ ਪਤਨੀ ਅਤੇ ਬੇਟੀ ਹਨ।'
ਐਂਡਰਸਨ ਆਧਾਰ ਡੈਟਾ ਪ੍ਰਣਾਲੀ ਦੀ ਸੁਰੱਖਿਆ ਨਾਲ ਜੁੜੀਆਂ ਖ਼ਾਮੀਆਂ ਦਾ ਪ੍ਰਗਟਾਵਾ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸ਼ਰਮਾ ਨਾਲ ਜੁੜੀਆਂ ਕਈ ਜਾਣਕਾਰੀਆਂ ਅਤੇ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਹਨ। ਹਾਲਾਂਕਿ ਉਨ੍ਹਾਂ ਵਿਚ ਕਈ ਸੰਵੇਦਨਸ਼ੀਲ ਹਿੱਸਿਆਂ ਨੂੰ ਧੁੰਦਲਾ ਕਰ ਕੇ ਪ੍ਰਕਾਸ਼ਤ ਕੀਤਾ ਤਾਕਿ ਸ਼ਰਮਾ ਦੀ ਨਿਜਤਾ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਵਲੋਂ ਪ੍ਰਕਾਸ਼ਤ ਤਸਵੀਰਾਂ ਵਿਚ ਸ਼ਰਮਾ ਦਾ ਪੈਨ ਕਾਰਡ ਵੀ ਸ਼ਾਮਲ ਸੀ। ਹਾਲਾਂਕਿ ਉਸ ਦੇ ਨੰਬਰਾਂ ਨੂੰ ਐਂਡਰਸਨ ਨੇ ਧੁੰਦਲਾ ਕਰ ਦਿਤਾ ਸੀ। (ਏਜੰਸੀਆਂ)