
ਅਚਾਨਕ ਖ਼ਰਾਬ ਹੋਏ ਮਿਗ 21 ਦੀ ਸੁਰੱਖਿਅਤ ਲੈਂਡਿੰਗ ਕਰਾਈ ਸੀ, ਮਿਲਿਆ ਹੋਇਆ ਹੈ ਸ਼ੌਰਿਆ ਚੱਕਰ
ਅੰਬਾਲਾ, 29 ਜੁਲਾਈ : ਪੰਜ ਰਾਫ਼ੇਲ ਲੜਾਕੂ ਜਹਾਜ਼ਾਂ ਨੂੰ 17 ਗੋਲਡਨ ਐਰੋ ਸਕਵਾਡਰਨ ਦੇ ਕਮਾਂਡਿੰਗ ਅਫ਼ਸਰ ਗਰੁਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਵਿਚ ਪਾਇਲਟ ਫ਼ਰਾਂਸ ਤੋਂ ਲੈ ਕੇ ਆਏ। ਏਅਰ ਬੇਸ 'ਤੇ ਰਾਫ਼ੇਲ ਜਹਾਜ਼ਾਂ ਨਾਲ ਹੀ ਗਰੁਪ ਕੈਪਟਨ ਹਰਕੀਰਤ ਸਿੰਘ ਦੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਸੀ। ਉਡੀਕ ਕਰਨ ਵਾਲਿਆਂ ਵਿਚ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਸੀ।
ਉਨ੍ਹਾਂ ਦੀ ਪਤਨੀ ਵਿੰਗ ਕਮਾਂਡਰ ਹੈ ਅਤੇ ਗਰਾਊਂਡ ਕਰੂ ਮੈਂਬਰਾਂ ਦਾ ਹਿੱਸਾ ਹੈ। ਬਾਕੀ ਜਹਾਜ਼ ਚਾਲਕਾਂ ਦੇ ਪਰਵਾਰਾਂ ਨੂੰ ਵੀ ਸਮਾਗਮ ਵਿਚ ਬੁਲਾਇਆ ਗਿਆ ਸੀ। ਹਰਕੀਰਤ ਸਿੰਘ ਸ਼ੌਰਿਯਾ ਚੱਕਰ ਜੇਤੂ ਹਨ। ਉਨ੍ਹਾਂ 12 ਸਾਲ ਪਹਿਲਾਂ ਮਿਗ 21 ਦੀ ਸੁਰੱਖਿਅਤ ਲੈਂਡਿੰਗ ਕਰਾਈ ਸੀ। ਉਡਾਨ ਭਰਨ ਮਗਰੋਂ ਇਸ ਜਹਾਜ਼ ਦਾ ਇੰਜਣ ਬੰਦ ਹੋ ਗਿਆ ਸੀ ਅਤੇ ਕਾਕਪਿਟ ਵਿਚ ਹਨੇਰਾ ਛਾ ਗਿਆ ਸੀ।
File Photo
ਉਨ੍ਹਾਂ ਐਮਰਜੈਂਸੀ ਲਾਈਟ ਦੀ ਮਦਦ ਨਾਲ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਸੀ। ਹਰਕੀਰਤ ਨੇ ਇੰਜਣ ਮੁੜ ਸਟਾਰਟ ਕੀਤਾ। ਉਨ੍ਹਾਂ ਇੰਜਣ ਨੂੰ ਚਾਲੂ ਕਰ ਕੇ ਗਰਾਊਂਡ ਕੰਟਰੋਲ ਦੀ ਮਦਦ ਨਾਲ ਨੈਵੀਗੇਸ਼ਨ ਸਿਸਟਮ ਜ਼ਰੀਏ ਰਾਤ ਸਮੇਂ ਲੈਂਡਿੰਗ ਕੀਤੀ। ਮਿਗ 21 ਦੀ ਸੁਰੱਖਿਅਤ ਲੈਂਡਿੰਗ ਲਈ ਹਰਕੀਰਤ ਸਿੰਘ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਦੇ ਪਿਤਾ ਨਿਰਮਲ ਸਿੰਘ ਲੈਫ਼ਟੀਨੈਂਟ ਕਰਨਲ ਰਹੇ ਹਨ। ਉਨ੍ਹਾਂ ਦੀ ਪਤਨੀ ਅੰਬਾਲਾ ਏਅਰ ਬੇਸ ਵਿਚ ਹੀ ਤੈਨਾਤ ਹੈ। (ਏਜੰਸੀ)
ਮੋਦੀ ਨੇ ਕਿਹਾ-'ਸਵਾਗਤਮ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਫ਼ੇਲ ਜਹਾਜ਼ ਅੰਬਾਲਾ ਪਹੁੰਚਣ 'ਤੇ ਇਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਦੇਸ਼ ਦੀ ਰਖਿਆ ਦੇ ਬਰਾਬਰ ਨਾ ਤਾਂ ਕੋਈ ਪੁੰਨ, ਨਾ ਕੋਈ ਵਰਤ ਅਤੇ ਨਾ ਹੀ ਕੋਈ ਯੱਗ ਹੈ। ਮੋਦੀ ਨੇ ਸੰਸਕ੍ਰਿਤ ਵਿਚ ਟਵਿਟਰ 'ਤੇ ਜਹਾਜ਼ਾਂ ਦੀ ਆਮਦ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ, 'ਸਵਾਗਤਮ'।