
ਕੇਂਦਰੀ ਸਿਹਤ ਮੰਤਰਾਲੇ ਨੇ ਚੇਤਾਵਨੀ ਦਿਤੀ ਹੈ ਕਿ ਤਮਾਕੂ ਉਤਪਾਦਾਂ ਦੀ ਵਰਤੋਂ ਨਾਲ ਸਾਹ ਸਬੰਧੀ ਲਾਗ ਵੱਧ ਸਕਤੀ ਹੈ
ਨਵੀਂ ਦਿੱਲੀ, 29 ਜੁਲਾਈ : ਕੇਂਦਰੀ ਸਿਹਤ ਮੰਤਰਾਲੇ ਨੇ ਚੇਤਾਵਨੀ ਦਿਤੀ ਹੈ ਕਿ ਤਮਾਕੂ ਉਤਪਾਦਾਂ ਦੀ ਵਰਤੋਂ ਨਾਲ ਸਾਹ ਸਬੰਧੀ ਲਾਗ ਵੱਧ ਸਕਤੀ ਹੈ ਅਤੇ ਅਜਿਹੇ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਪੱਖੋਂ ਜ਼ਿਆਦਾ ਸੰਵੇਦਨਸ਼ੀਲ ਹੈ। ਮੰਤਰਾਲੇ ਨੇ ਕਿਹਾ ਕਿ ਮਾਹਰਾਂ ਨੇ ਪੁਸ਼ਟੀ ਕੀਤੀ ਹੈ ਕਿ ਤਮਾਕੂਨੋਸ਼ੀ ਕਰਨ ਵਾਲਿਆਂ ਅੰਦਰ ਕੋਰੋਨਾ ਵਾਇਰਸ ਦੇ ਜ਼ਿਆਦਾ ਗੰਭੀਰ ਲੱਛਣ ਦਿਸਣ ਜਾਂ ਉਨ੍ਹਾਂ ਦੇ ਮਰਨ ਦਾ ਖ਼ਦਸ਼ਾ ਜ਼ਿਆਦਾ ਹੈ ਕਿਉਂਕਿ ਇਹ ਸੱਭ ਤੋਂ ਪਹਿਲਾਂ ਫੇਫੜਿਆਂ ’ਤੇ ਹਮਲਾ ਕਰਦਾ ਹੈ।
ਮੰਤਰਾਲੇ ਨੇ ‘ਕੋਵਿਡ-19 ਸੰਸਾਰ ਮਹਾਂਮਾਰੀ ਅਤੇ ਭਾਰਤ ਵਿਚ ਤਮਾਕੂ ਦੀ ਵਰਤੋਂ’ ਵਿਸ਼ੇ ਸਬੰਧੀ ਦਸਤਾਵੇਜ਼ ਵਿਚ ਇਹ ਗੱਲਾਂ ਕਹੀਆਂ ਗਈਆਂ ਹਨ। ਕਿਹਾ ਗਿਆ ਹੈ ਕਿ ਤਮਾਕੂਨੋਸ਼ੀ ਕਰਨ ਦਾ ਮਤਲਬ ਹੈ ਕਿ ਉਂਗਲੀਆਂ ਬੁਲ੍ਹਾਂ ਦੇ ਸੰਪਰਕ ਵਿਚ ਆਉਂਦੀਆਂ ਹਨ ਜਿਸ ਨਾਲ ਵਿਸ਼ਾਣੂ ਦੇ ਹੱਥ ਨਾਲ ਮੂੰਹ ਅੰਦਰ ਜਾਣ ਦਾ ਖ਼ਤਰਾ ਵਧ ਜਾਂਦਾ ਹੈ। ਪਾਣੀ ਦੀ ਪਾਈਪ ਜਾਂ ਹੁੱਕਾ ਜਿਹੇ ਤਮਾਕੂ ਉਤਪਾਦਾਂ ਨੂੰ ਕਈ ਲੋਕ ਵਰਤਦੇ ਹਨ ਜਿਸ ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ।
File Photo
ਤਮਾਕੂ ਉਤਪਾਦ ਚਾਰ ਮੁੱਖ ਗ਼ੈਰ-ਸੰਚਾਰੀ ਬਿਮਾਰੀਆਂ ਜਿਵੇਂ ਦਿਲ ਦੀ ਬੀਮਾਰੀ, ਕੈਂਸਰ, ਫੇਫੜਿਆਂ ਦੀ ਬੀਮਾਰੀ ਅਤੇ ਸ਼ੂਗਰ ਦੇ ਰੋਗੀਆਂ ਲਈ ਵੱਡਾ ਖ਼ਤਰਾ ਹੈ ਜਿਸ ਨਾਲ ਅਜਿਹੇ ਲੋਕਾਂ ਅੰਦਰ ਕੋਵਿਡ-19 ਦੀ ਲਪੇਟ ਵਿਚ ਆਉਣ ਨਾਲ ਗੰਭੀਰ ਲੱਛਣ ਵਿਖਾਈ ਦੇ ਸਕਦੇ ਹਨ। ਤਮਾਕੂ ਪਦਾਰਥਾਂ ਵਿਚ ਜਿਹੜੇ ਰਸਾਇਣ ਹੁੰਦੇ ਹਨ, ਉਹ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਰਖਿਆ ਕੋਸ਼ਿਕਾਵਾਂ ਨੂੰ ਗਤੀਵਿਧੀ ਨੂੰ ਦਬਾਉਂਦੇ ਹਨ।
ਇਹ ਵੀ ਕਿਹਾ ਗਿਆ ਹੈ ਕਿ ਖੈਣੀ, ਗੁਟਖ਼ਾ, ਪਾਨ, ਜ਼ਰਦਾ ਜਿਹੇ ਪਦਾਰਥ ਚਬਾਉਣ ਮਗਰੋਂ ਥੁੱਕਣਾ ਪੈਂਦਾ ਹੈ। ਜਨਤਕ ਥਾਵਾਂ ’ਤੇ ਥੁੱਕਣ ਨਾਲ ਸਿਹਤ ਸਬੰਧੀ ਖ਼ਤਰਾ ਵਧਦਾ ਹੈ ਖ਼ਾਸਕਰ ਕੋਰੋਨਾ ਵਾਇਰਸ, ਟੀਬੀ, ਸਵਾਈਨ ਫ਼ਲੂ ਜਿਹੇ ਲਾਗ ਵਾਲੇ ਰੋਗ ਫੈਲਦੇ ਹਨ। (ਏਜੰਸੀ)