
30 ਦੇਸ਼ ਸ਼ਾਂਤੀ ਵਾਰਤਾ ’ਚ ਹਿੱਸਾ ਲੈਣਗੇ, ਰੂਸ ਦੇ ਵਲੋਂ ਹਿੱਸਾ ਲੈਣ ਦੀ ਸੰਭਾਵਨਾ ਨਹੀਂ
ਦੁਬਈ: ਯੂਕਰੇਨ ’ਚ ਜਾਰੀ ਜੰਗ ਵਿਚਕਾਰ ਸਾਊਦੀ ਅਰਬ ਅਗਸਤ ਦੀ ਸ਼ੁਰੂਆਤ ’ਚ ਇਕ ਸ਼ਾਂਤੀ ਵਾਰਤਾ ਦੀ ਮੇਜ਼ਬਾਨੀ ਕਰੇਗਾ, ਜਿਸ ’ਚ ਭਾਰਤ ਵੀ ਸ਼ਾਮਲ ਹੋ ਸਕਦਾ ਹੈ। ਹਾਲਾਂਕਿ ਸਾਊਦੀ ਅਰਬ ਅਤੇ ਯੂਕਰੇਨ ਨੇ ਅਜੇ ਇਸ ਗੱਲਬਾਤ ਦੀ ਪੁਸ਼ਟੀ ਨਹੀਂ ਕੀਤੀ ਹੈ। ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਦਸਿਆ ਕਿ ਇਹ ਸ਼ਿਖਰ ਵਾਰਤਾ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਜੇਦਾ ’ਚ ਹੋਵੇਗੀ।
ਉਨ੍ਹਾਂ ਕਿਹਾ ਕਿ ਸ਼ਿਖਰ ਗੱਲਬਾਤ ’ਚ ਯੂਕਰੇਨ ਦੇ ਨਾਲ ਹੀ ਬ੍ਰਾਜ਼ੀਲ, ਭਾਰਤ, ਦਖਣੀ ਅਫ਼ਰੀਕਾ ਅਤੇ ਕਈ ਹੋਰ ਦੇਸ਼ ਹਿੱਸਾ ਲੈਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਇਕ ਉੱਚ ਪੱਧਰੀ ਅਧਿਕਾਰੀ ਦੇ ਵੀ ਬੈਠਕ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅਧਿਕਾਰੀ ਮੁਤਾਬਕ ਇਸ ਗੱਲਬਾਤ ਦੀਆਂ ਤਿਆਰੀਆਂ ਕੀਵ ਸੰਭਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਗੱਲਬਾਤ ’ਚ ਹਿੱਸਾ ਲੈਣ ਦੀ ਸੰਭਾਵਨਾ ਨਹੀਂ ਹੈ।
ਸਭ ਤੋਂ ਪਹਿਲਾਂ ਇਸ ਸ਼ਾਂਤੀ ਵਾਰਤਾ ਦੀ ਜਾਣਕਾਰੀ ‘ਦ ਵਾਲ ਸਟ੍ਰੀਟ ਜਰਨਲ’ ਨੇ ਦਿਤੀ ਸੀ। ਉਸ ਨੇ ‘ਵਾਰਤਾ ਨਾਲ ਜੁੜੇ ਸਫ਼ੀਰਾਂ’ ਦੇ ਹਵਾਲੇ ਨਾਲ ਦਸਿਆ ਸੀ ਕਿ ਸ਼ਾਂਤੀ ਗੱਲਬਾਤ ਪੰਜ-ਛੇ ਅਗਸਤ ਨੂੰ ਹੋਵੇਗੀ ਅਤੇ ਲਗਭਗ 30 ਦੇਸ਼ ਇਸ ’ਚ ਹਿੱਸਾ ਲੈਣਗੇ। ਅਜੇ ਸਾਊਦੀ ਅਰਬ ਦੇ ਅਧਿਕਾਰੀਆਂ ਅਤੇ ਰਿਆਦ ’ਚ ਯੂਕਰੇਨੀ ਸ਼ਫਾਰਤਖ਼ਾਨੇ ਨੇ ਇਸ ਬਾਰੇ ਟਿਪਣੀ ਨਹੀਂ ਕੀਤੀ ਹੈ। ਇਸ ਸ਼ਿਖਰ ਗੱਲਬਾਤ ਦੀ ਖ਼ਬਰ ਅਜਿਹੇ ਸਮੇਂ ਆਈ ਹੈ, ਜਦੋਂ ਅਮਰੀਕਾ ਦੇ ਕੌਮੀ ਸੁਰਖਿਆ ਸਲਾਹਕਾਰ ਜੇਕ ਸੁਲਿਵਾਨ ਨੇ ਵੀਰਵਾਰ ਨੂੰ ਸਾਊਦੀ ਅਰਬ ਦੀ ਯਾਤਰਾ ਕੀਤੀ ਸੀ।