
ਜਿੰਨਾ ਮਰਜ਼ੀ ਅਪਮਾਨ ਕਰ ਲਉ, ਜਾਤੀ ਮਰਦਮਸ਼ੁਮਾਰੀ ਕਰਵਾ ਕੇ ਵਿਖਾਵਾਂਗੇ : ਰਾਹੁਲ ਗਾਂਧੀ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਵਲੋਂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਕੇ ਦਿਤੇ ਇਕ ਬਿਆਨ ’ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਭੜਕ ਗਏ ਅਤੇ ਅਨੁਰਾਗ ਠਾਕੁਰ ਦਾ ਸਖ਼ਤ ਵਿਰੋਧ ਕੀਤਾ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਸੋਮਵਾਰ ਨੂੰ ਜਾਤ ਮਰਦਮਸ਼ੁਮਾਰੀ ਦੀ ਮੰਗ ’ਤੇ ਬੋਲਦਿਆਂ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ‘ਜਿਸ ਦੀ ਜਾਤ ਦਾ ਪਤਾ ਨਹੀਂ ਉਹ ਜਾਤ ਮਰਦਮਸ਼ੁਮਾਰੀ ਦੀ ਗੱਲ ਕਰਦਾ ਹੈ’। ਉਨ੍ਹਾਂ ਦੀ ਇਸ ਟਿਪਣੀ ’ਤੇ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿਤਾ।
ਉਸ ਸਮੇਂ ਸਪੀਕਰ ਦੀ ਕੁਰਸੀ ’ਤੇ ਬੈਠੇ ਜਗਦੰਬਿਕਾ ਪਾਲ ਨੇ ਕਿਹਾ ਕਿ ਜੇਕਰ ਕੋਈ ਇਤਰਾਜ਼ਯੋਗ ਚੀਜ਼ ਹੈ ਤਾਂ ਉਸ ਨੂੰ ਰੀਕਾਰਡ ਤੋਂ ਹਟਾ ਦਿਤਾ ਜਾਵੇਗਾ।ਹੰਗਾਮੇ ਵਿਚਕਾਰ ਰਾਹੁਲ ਗਾਂਧੀ ਨੇ ਕਿਹਾ, ‘‘ਤੁਸੀਂ ਲੋਕ ਮੇਰਾ ਜਿੰਨਾ ਅਪਮਾਨ ਕਰਨਾ ਚਾਹੁੰਦੇ ਖੁਸ਼ੀ ਨਾਲ ਕਰ ਲਵੋ। ਹਰ ਰੋਜ਼ ਕਰੋ। ਪਰ ਇਕ ਗੱਲ ਨਾ ਭੁੱਲੋ ਕਿ ਅਸੀਂ ਜਾਤੀ ਮਰਦਮਸ਼ੁਮਾਰੀ ਕਰਵਾ ਕੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਜੋ ਵੀ ਇਸ ਦੇਸ਼ ’ਚ ਦਲਿਤਾਂ, ਆਦਿਵਾਸੀਆਂ ਅਤੇ ਪੱਛੜਿਆਂ ਦਾ ਮੁੱਦਾ ਉਠਾਉਂਦਾ ਹੈ, ਉਨ੍ਹਾਂ ਲਈ ਲੜਦਾ ਹੈ, ਉਸ ਨੂੰ ਗਾਲ੍ਹਾਂ ਖਾਣੀਆਂ ਪੈਂਦੀਆਂ ਹਨ।
ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਇਹ ਸਾਰੀਆਂ ਗਾਲ੍ਹਾਂ ਖੁਸ਼ੀ ਨਾਲ ਖਾਵਾਂਗਾ ਕਿਉਂਕਿ ਜਿਸ ਤਰ੍ਹਾਂ ਅਰਜੁਨ ਮਹਾਭਾਰਤ ’ਚ ਸਿਰਫ ਮੱਛੀ ਦੀ ਅੱਖ ਵੇਖ ਰਿਹਾ ਸੀ, ਉਸੇ ਤਰ੍ਹਾਂ ਮੈਂ ਸਿਰਫ ਮੱਛੀ ਦੀ ਅੱਖ ਵੇਖ ਸਕਦਾ ਹਾਂ। ਅਸੀਂ ਜਾਤੀ ਮਰਦਮਸ਼ੁਮਰੀ ਕਰਾਵਾਂਗੇ।’’ ਉਨ੍ਹਾਂ ਕਿਹਾ, ‘‘ਅਨੁਰਾਗ ਠਾਕੁਰ ਜੀ ਨੇ ਮੈਨੂੰ ਗਾਲ੍ਹਾਂ ਕੱਢੀਆਂ ਹਨ, ਅਨੁਰਾਗ ਠਾਕੁਰ ਜੀ ਮੇਰਾ ਅਪਮਾਨ ਕੀਤਾ ਹੈ। ਪਰ ਮੈਂ ਅਨੁਰਾਗ ਠਾਕੁਰ ਤੋਂ ਕੋਈ ਮੁਆਫੀ ਨਹੀਂ ਚਾਹੁੰਦਾ। ਮੈਂ ਲੜਾਈ ਲੜ ਰਿਹਾ ਹਾਂ।’’
ਠਾਕੁਰ ਦੀ ਟਿਪਣੀ ਦਾ ਹਵਾਲਾ ਦਿੰਦੇ ਹੋਏ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਸਦਨ ਦੇ ਅੰਦਰ ਕਿਸੇ ਮੈਂਬਰ ਦੀ ਜਾਤ ਨਹੀਂ ਪੁੱਛੀ ਜਾ ਸਕਦੀ। ਉਨ੍ਹਾਂ ਕਿਹਾ, ‘‘ਤੁਸੀਂ ਜਾਤ ਕਿਵੇਂ ਪੁੱਛ ਸਕਦੇ ਹੋ, ਤੁਸੀਂ ਜਾਤ ਨਹੀਂ ਪੁੱਛ ਸਕਦੇ।’’ ਇਸ ਤੋਂ ਪਹਿਲਾਂ ਅਨੁਰਾਜ ਠਾਕੁਰ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦਾ ਮਤਲਬ ‘ਲੀਡਰ ਆਫ਼ ਪ੍ਰਾਪੇਗੰਡਾ’ (ਪ੍ਰਚਾਰ ਦਾ ਨੇਤਾ) ਨਹੀਂ ਹੁੰਦਾ।
ਬਜਟ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ‘ਰੀਲ ਲੀਡਰ’ ਨਹੀਂ ਬਣਨਾ ਚਾਹੀਦਾ ਅਤੇ ਇਹ ਸਮਝਣਾ ਚਾਹੀਦਾ ਹੈ ਕਿ ‘ਰੀਅਲ ਲੀਡਰ’ (ਅਸਲ ਨੇਤਾ) ਬਣਨ ਲਈ ਸੱਚ ਬੋਲਣਾ ਪੈਂਦਾ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਕਾਂਗਰਸ ਨੇਤਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੇ ਲੋਕ ‘ਐਕਸੀਡੈਂਟਲ ਹਿੰਦੂ’ ਹਨ, ਉਨ੍ਹਾਂ ਦੀ ਮਹਾਭਾਰਤ ਦੀ ਜਾਣਕਾਰੀ ਵੀ ‘ਐਕਸੀਡੈਂਟਲ’ ਹੈ। ਉਨ੍ਹਾਂ ਕਿਹਾ, ‘‘ਇਕ ਨੇਤਾ ਨੇ ਕਮਲ ’ਤੇ ਨਿਸ਼ਾਨਾ ਸਾਧਿਆ। ਪਤਾ ਨਹੀਂ ਸਮੱਸਿਆ ਕੀ ਹੈ। ਕਮਲ ਨੂੰ ਬੁਰਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਨੇ ਸਾਨੂੰ ਲਗਾਤਾਰ ਤੀਜੀ ਵਾਰ ਸੱਤਾ ’ਚ ਲਿਆਉਣ ਲਈ ਕੰਮ ਕੀਤਾ ਹੈ।’’ ਕਮਲ ਭਾਜਪਾ ਦਾ ਚੋਣ ਨਿਸ਼ਾਨ ਹੈ। ਉਨ੍ਹਾਂ ਕਿਹਾ, ‘‘ਤੁਸੀਂ (ਰਾਹੁਲ) ਕਮਲ ਦਾ ਅਪਮਾਨ ਨਹੀਂ ਕਰ ਰਹੇ, ਤੁਸੀਂ ਭਗਵਾਨ ਸ਼ਿਵ ਬੁੱਧ ਦਾ ਅਪਮਾਨ ਕਰ ਰਹੇ ਹੋ।’’
ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨਾਲ ਜੁੜੇ ਇਕ ਸਾਬਕਾ ਪ੍ਰਧਾਨ ਮੰਤਰੀ ਨੇ ਓ.ਬੀ.ਸੀ. ਲਈ ਰਾਖਵਾਂਕਰਨ ਦਾ ਵਿਰੋਧ ਕੀਤਾ ਸੀ। ਬਜਟ ਦੀ ਸ਼ਲਾਘਾ ਕਰਦਿਆਂ ਠਾਕੁਰ ਨੇ ਕਿਹਾ ਕਿ ਇਹ ਸਿਰਫ ਕੇਂਦਰੀ ਬਜਟ ਨਹੀਂ ਹੈ, ਬਲਕਿ ਲੋਕਾਂ ਦੀਆਂ ਭਾਵਨਾਵਾਂ ਦਾ ਬਜਟ ਹੈ।