
Haryana News: ਰਵੀ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਮਟੌਰ ਪਿੰਡ ਦਾ ਰਹਿਣ ਵਾਲਾ ਸੀ।
Haryana News: ਹਰਿਆਣਾ ਦੇ ਇਕ 22 ਸਾਲ ਦੇ ਨੌਜੁਆਨ ਦੀ ਮੌਤ ਹੋ ਗਈ, ਜਿਸ ਨੂੰ ‘‘ਰੂਸੀ ਫੌਜ ਨੇ ਯੂਕਰੇਨ ਦੀ ਫੌਜ ਨਾਲ ਲੜਨ ਲਈ ਅੱਗੇ ਭੇਜਿਆ ਸੀ।’’ ਨੌਜੁਆਨ ਦੇ ਪਰਵਾਰ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ।
ਨੌਜੁਆਨ ਦੇ ਭਰਾ ਅਜੇ ਮੌਨ ਨੇ ਦਸਿਆ ਕਿ ਮਾਸਕੋ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਰਵੀ ਮੌਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਵੀ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਮਟੌਰ ਪਿੰਡ ਦਾ ਰਹਿਣ ਵਾਲਾ ਸੀ।
ਅਜੈ ਨੇ ਦਾਅਵਾ ਕੀਤਾ ਕਿ ਰਵੀ 13 ਜਨਵਰੀ ਨੂੰ ਟਰਾਂਸਪੋਰਟ ਨਾਲ ਜੁੜੀ ਨੌਕਰੀ ਲਈ ਰੂਸ ਗਿਆ ਸੀ ਪਰ ਫੌਜ ਵਿਚ ਭਰਤੀ ਹੋ ਗਿਆ ਸੀ। ਅਜੈ ਨੇ 21 ਜੁਲਾਈ ਨੂੰ ਸਫ਼ਾਰਤਖ਼ਾਨੇ ਨੂੰ ਚਿੱਠੀ ਲਿਖ ਕੇ ਅਪਣੇ ਭਰਾ ਬਾਰੇ ਜਾਣਕਾਰੀ ਮੰਗੀ ਸੀ। ਉਨ੍ਹਾਂ ਕਿਹਾ, ‘‘ਸਫ਼ਾਰਤਖ਼ਾਨੇ ਨੇ ਸਾਨੂੰ ਦਸਿਆ ਕਿ ਉਸ ਦੀ ਮੌਤ ਹੋ ਗਈ ਹੈ।’’
ਰਵੀ 13 ਜਨਵਰੀ ਨੂੰ ਰੂਸ ਗਿਆ ਸੀ। ਇਕ ਏਜੰਟ ਨੇ ਉਸ ਨੂੰ ਟਰਾਂਸਪੋਰਟ ਦੀ ਨੌਕਰੀ ਲਈ ਰੂਸ ਭੇਜਿਆ, ਪਰ ਉਸ ਨੂੰ ਰੂਸੀ ਫੌਜ ’ਚ ਭਰਤੀ ਕਰ ਲਿਆ ਗਿਆ।
ਰੂਸ ਨੇ ਫੌਜ ਵਿਚ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਅਤੇ ਉਨ੍ਹਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਦੀ ਭਾਰਤ ਦੀ ਮੰਗ ’ਤੇ ਸਹਿਮਤੀ ਪ੍ਰਗਟਾਈ ਸੀ।
ਅਜੇ ਮੌਨ ਨੇ ਦੋਸ਼ ਲਾਇਆ ਕਿ ਰੂਸੀ ਫੌਜ ਨੇ ਉਸ ਦੇ ਭਰਾ ਨੂੰ ਯੂਕਰੇਨ ਦੀ ਫੌਜ ਵਿਰੁਧ ਲੜਨ ਲਈ ਅੱਗੇ ਆਉਣ ਜਾਂ 10 ਸਾਲ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨ ਲਈ ਕਿਹਾ ਸੀ।
ਉਨ੍ਹਾਂ ਨੇ ਦਸਿਆ ਕਿ ਰਵੀ ਨੂੰ ਖੱਡਾਂ ਖੋਦਣ ਦੀ ਸਿਖਲਾਈ ਦਿਤੀ ਗਈ ਸੀ ਅਤੇ ਬਾਅਦ ’ਚ ਉਸ ਨੂੰ ਫਰੰਟਲਾਈਨ ’ਤੇ ਭੇਜ ਦਿਤਾ ਗਿਆ। ਅਜੈ ਨੇ ਕਿਹਾ, ‘‘ਅਸੀਂ 12 ਮਾਰਚ ਤਕ ਉਸ ਦੇ ਸੰਪਰਕ ’ਚ ਸੀ ਅਤੇ ਉਹ ਬਹੁਤ ਪਰੇਸ਼ਾਨ ਸੀ।’’
ਅਜੈ ਮੌਨ ਵਲੋਂ ਲਿਖੀ ਚਿੱਠੀ ਦੇ ਜਵਾਬ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਜਵਾਬ ਦਿਤਾ, ‘‘ਸਫ਼ਾਰਤਖ਼ਾਨੇ ਨੇ ਸਬੰਧਤ ਰੂਸੀ ਅਧਿਕਾਰੀਆਂ ਨੂੰ ਉਸ ਦੀ ਮੌਤ ਦੀ ਪੁਸ਼ਟੀ ਕਰਨ ਅਤੇ ਉਸ ਦੀ ਮ੍ਰਿਤਕ ਦੇਹ ਭੇਜਣ ਦੀ ਬੇਨਤੀ ਕੀਤੀ ਹੈ।’’ ਅਜੈ ਮੌਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਬੇਨਤੀ ਕੀਤੀ ਕਿ ਉਹ ਅਪਣੇ ਭਰਾ ਦੀ ਮ੍ਰਿਤਕ ਦੇਹ ਵਾਪਸ ਲਿਆਉਣ। ਉਨ੍ਹਾਂ ਕਿਹਾ, ‘‘ਸਾਡੇ ਕੋਲ ਉਸ ਦੀ ਲਾਸ਼ ਵਾਪਸ ਲਿਆਉਣ ਲਈ ਕਾਫ਼ੀ ਪੈਸੇ ਨਹੀਂ ਹਨ। ’’ (ਪੀਟੀਆਈ)