
Bihar Bridge Collapse : ਬਿਹਾਰ 'ਚ ਪੁਲ ਡਿੱਗਣ ਦੀਆਂ ਘਟਨਾਵਾਂ 'ਤੇ ਨਿਤੀਸ਼ ਸਰਕਾਰ ਅਤੇ ਕੇਂਦਰ ਨੂੰ ਨੋਟਿਸ ਜਾਰੀ
Bihar Bridge Collapse : ਬਿਹਾਰ 'ਚ ਪੁਲ ਡਿੱਗਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ 'ਤੇ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਇਕ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਬਿਹਾਰ 'ਚ ਹਾਲ ਹੀ 'ਚ ਭਾਰੀ ਮੀਂਹ ਕਾਰਨ 10 ਪੁਲ ਡਿੱਗ ਗਏ ਸਨ।
ਇਸ ਸਬੰਧੀ ਐਡਵੋਕੇਟ ਬ੍ਰਜੇਸ਼ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਬਿਹਾਰ ’ਚ ਸਾਰੇ ਮੌਜੂਦਾ ਅਤੇ ਨਿਰਮਾਣ ਅਧੀਨ ਪੁਲਾਂ ਦਾ ਉੱਚ ਪੱਧਰੀ ਢਾਂਚਾਗਤ ਆਡਿਟ ਕਰਵਾਉਣ ਦੀ ਮੰਗ ਕੀਤੀ ਗਈ ਹੈ। ਕਮਜ਼ੋਰ ਪਏ ਢਾਂਚੇ ਨੂੰ ਢਾਹ ਕੇ ਦੁਬਾਰਾ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲ ਦੇ ਡਿੱਗਣ ਦੀ ਜਾਂਚ ਲਈ ਉੱਚ ਪੱਧਰੀ ਮਾਹਿਰ ਕਮੇਟੀ ਬਣਾਉਣ ਦੀ ਮੰਗ ਵੀ ਪਟੀਸ਼ਨ ਵਿਚ ਕੀਤੀ ਗਈ ਹੈ। ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਬਿਹਾਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਪਟੀਸ਼ਨ 'ਚ ਕੀ ਕਿਹਾ ਗਿਆ?
ਬ੍ਰਜੇਸ਼ ਸਿੰਘ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਇਕ ਤੋਂ ਬਾਅਦ ਇਕ ਪੁਲਾਂ ਦਾ ਡਿੱਗਣਾ ਦਰਸਾਉਂਦਾ ਹੈ ਕਿ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ ਅਤੇ ਪੁਲਾਂ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਸ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਇਹ ਮਹਿਜ਼ ਹਾਦਸੇ ਨਹੀਂ ਸਗੋਂ ਮਨੁੱਖ ਦੁਆਰਾ ਬਣਾਈਆਂ ਆਫ਼ਤਾਂ ਹਨ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬਿਹਾਰ ਭਾਰਤ ਦਾ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਸੂਬਾ ਹੈ। ਇੱਥੇ 68,800 ਵਰਗ ਕਿਲੋਮੀਟਰ ਦਾ ਖੇਤਰ ਹੜ੍ਹ ਪ੍ਰਭਾਵਿਤ ਹੈ, ਜੋ ਕਿ ਕੁੱਲ ਭੂਗੋਲਿਕ ਖੇਤਰ ਦਾ 73.06% ਹੈ । ਇਸ ਲਈ ਬਿਹਾਰ 'ਚ ਪੁਲ ਡਿੱਗਣ ਦੀਆਂ ਘਟਨਾਵਾਂ ਜ਼ਿਆਦਾ ਵਿਨਾਸ਼ਕਾਰੀ ਹਨ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ।
ਪੁਲ ਕਿੱਥੇ- ਕਿੱਥੇ ਢਹਿ ਗਏ?
ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਬਿਹਾਰ ਵਿਚ ਹਾਲ ਹੀ ਵਿਚ ਪੁਲ ਡਿੱਗਣ ਦੀਆਂ ਘੱਟੋ-ਘੱਟ 10 ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਪੁਲ ਸੀਵਾਨ, ਸਾਰਨ, ਮਧੂਬਨੀ, ਅਰਰੀਆ, ਪੂਰਬੀ ਚੰਪਾਰਨ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਵਿਚ ਪੁਲ ਡਿੱਗੇ ਹਨ। ਦਾਅਵਾ ਕੀਤਾ ਗਿਆ ਸੀ ਕਿ ਇਹ ਪੁਲ ਭਾਰੀ ਮੀਂਹ ਕਾਰਨ ਢਹਿ ਗਏ ਸਨ।
ਪੁਲ ਢਹਿ ਜਾਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੜਕ ਨਿਰਮਾਣ ਅਤੇ ਪੇਂਡੂ ਨਿਰਮਾਣ ਵਿਭਾਗ ਨੂੰ ਰਾਜ ਦੇ ਸਾਰੇ ਪੁਰਾਣੇ ਪੁਲਾਂ ਦਾ ਸਰਵੇਖਣ ਕਰਨ ਅਤੇ ਉਨ੍ਹਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦੀ ਤੁਰੰਤ ਮੁਰੰਮਤ ਦੀ ਲੋੜ ਹੈ।
(For more news apart from Supreme Court is strict on the incidents of bridge collapse in Bihar News in Punjabi, stay tuned to Rozana Spokesman)