ਡਿਊਟੀ 'ਤੇ ਮੌਜੂਦ ਕਰਮਚਾਰੀਆਂ ਨੇ ਐਕਸ-ਰੇ ਸਕੈਨਰ ਮਾਨੀਟਰ 'ਤੇ ਯਾਤਰੀ ਦੇ ਬੈਗ 'ਚ ਰੱਖੇ ਬਟਨਾਂ ਦੀਆਂ ਸ਼ੱਕੀ ਤਸਵੀਰਾਂ ਦੇਖੀਆਂ ਅਤੇ ਜਾਂਚ ਕਰਨ ਦਾ ਫ਼ੈਸਲਾ ਕੀਤਾ।
ਨਵੀਂ ਦਿੱਲੀ: ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ਼) ਦੇ ਜਵਾਨਾਂ ਨੇ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ 41 ਲੱਖ ਰੁਪਏ ਦੇ ਸਾਊਦੀ ਰਿਆਲ ਲਹਿੰਗਾ ਬਟਨਾਂ ਵਿਚ ਲੁਕੋ ਕੇ ਦੁਬਈ ਲਿਜਾ ਰਹੇ ਇਕ ਭਾਰਤੀ ਯਾਤਰੀ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਦੇ ਦੱਸਣ ਅਨੁਸਾਰ ਸਵੇਰੇ 4 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਸੁਰੱਖਿਆ ਜਾਂਚ ਦੌਰਾਨ ਵਿਅਕਤੀ ਨੂੰ ਰੋਕਿਆ ਗਿਆ। ਡਿਊਟੀ 'ਤੇ ਮੌਜੂਦ ਕਰਮਚਾਰੀਆਂ ਨੇ ਐਕਸ-ਰੇ ਸਕੈਨਰ ਮਾਨੀਟਰ 'ਤੇ ਯਾਤਰੀ ਦੇ ਬੈਗ 'ਚ ਰੱਖੇ ਬਟਨਾਂ ਦੀਆਂ ਸ਼ੱਕੀ ਤਸਵੀਰਾਂ ਦੇਖੀਆਂ ਅਤੇ ਜਾਂਚ ਕਰਨ ਦਾ ਫ਼ੈਸਲਾ ਕੀਤਾ।
ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਯਾਤਰੀ ਨੇ ਸਪਾਈਸਜੈੱਟ ਦੀ ਫ਼ਲਾਈਟ ਰਾਹੀਂ ਦੁਬਈ ਜਾਣਾ ਸੀ। 41 ਲੱਖ ਰੁਪਏ ਦੀ ਕੀਮਤ ਦੇ 1,85,500 ਸਾਊਦੀ ਰਿਆਲ ਲਹਿੰਗਾ ਦੇ ਬਟਨਾਂ ਦੇ ਅੰਦਰ ਸਾਫ਼-ਸਾਫ਼ ਲੁਕੋਏ ਗਏ ਸਨ। ਦੱਸਿਆ ਗਿਆ ਕਿ ਮਾਮਲੇ ਦੀ ਅਗਲੀ ਜਾਂਚ ਅਤੇ ਕਾਰਵਾਈ ਲਈ ਯਾਤਰੀ ਨੂੰ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।