
ਐਨਸੀਆਰਬੀ ਦੇ ਅੰਕੜਿਆਂ ਅਨੁਸਾਰ ਦਿੱਲੀ ਵਿਚ ਔਰਤਾਂ ਵਿਰੁੱਧ ਅਪਰਾਧ ਦੇ ਮਾਮਲੇ ਸਾਰੇ 19 ਮਹਾਨਗਰਾਂ ਵਿਚ ਕੁੱਲ ਅਪਰਾਧਾਂ ਦਾ 32.20 ਪ੍ਰਤੀਸ਼ਤ ਹਨ।
ਨਵੀਂ ਦਿੱਲੀ: ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਭਰ ਵਿਚ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਰਾਸ਼ਟਰੀ ਰਾਜਧਾਨੀ 'ਚ ਪਿਛਲੇ ਸਾਲ ਹਰ ਰੋਜ਼ ਦੋ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਹੋਇਆ। ਅੰਕੜੇ ਦਰਸਾਉਂਦੇ ਹਨ ਕਿ 2021 ਵਿਚ ਦਿੱਲੀ ਵਿਚ ਔਰਤਾਂ ਵਿਰੁੱਧ ਅਪਰਾਧ ਦੇ 13,892 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ 2020 ਦੇ ਮੁਕਾਬਲੇ 40 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਹੈਰਾਨ ਕਰ ਦੇਣ ਵਾਲਾ ਵਾਧਾ ਹੈ। ਸਾਲ 2020 ਵਿਚ ਇਹ ਅੰਕੜਾ 9,782 ਸੀ।
ਐਨਸੀਆਰਬੀ ਦੇ ਅੰਕੜਿਆਂ ਅਨੁਸਾਰ ਦਿੱਲੀ ਵਿਚ ਔਰਤਾਂ ਵਿਰੁੱਧ ਅਪਰਾਧ ਦੇ ਮਾਮਲੇ ਸਾਰੇ 19 ਮਹਾਨਗਰਾਂ ਵਿਚ ਕੁੱਲ ਅਪਰਾਧਾਂ ਦਾ 32.20 ਪ੍ਰਤੀਸ਼ਤ ਹਨ। ਦਿੱਲੀ ਤੋਂ ਬਾਅਦ ਵਿੱਤੀ ਰਾਜਧਾਨੀ ਮੁੰਬਈ ਹੈ, ਜਿੱਥੇ ਅਜਿਹੇ 5,543 ਅਤੇ ਤੀਜੇ ਨੰਬਰ ’ਤੇ ਬੰਗਲੁਰੂ ਵਿਚ 3,127 ਮਾਮਲੇ ਸਾਹਮਣੇ ਆਏ ਹਨ। ਮੁੰਬਈ ਅਤੇ ਬੰਗਲੁਰੂ ਦਾ 19 ਸ਼ਹਿਰਾਂ ਵਿਚ ਹੋਏ ਕੁੱਲ ਅਪਰਾਧ ਦੇ ਮਾਮਲਿਆਂ ਵਿਚ 12.76 ਅਤੇ 7.2 ਪ੍ਰਤੀਸ਼ਤ ਦਾ ਯੋਗਦਾਨ ਹੈ.।
ਰਾਸ਼ਟਰੀ ਰਾਜਧਾਨੀ ਵਿਚ 2021 ’ਚ ਅਗਵਾ (3948), ਪਤੀਆਂ ਦੁਆਰਾ ਬੇਰਹਿਮੀ (4674) ਅਤੇ ਬੱਚੀਆਂ ਨਾਲ ਬਲਾਤਕਾਰ (833) ਵਰਗੀਆਂ ਸ਼੍ਰੇਣੀਆਂ ਵਿਚ ਔਰਤਾਂ ਵਿਰੁੱਧ ਸਭ ਤੋਂ ਵੱਧ ਅਪਰਾਧ ਦਰਜ ਕੀਤੇ ਗਏ। ਅੰਕੜੇ ਦੱਸਦੇ ਹਨ ਕਿ 2021 ਵਿਚ ਦਿੱਲੀ ਵਿਚ ਹਰ ਰੋਜ਼ ਔਸਤਨ ਦੋ ਲੜਕੀਆਂ ਨਾਲ ਬਲਾਤਕਾਰ ਹੋਇਆ। ਐਨਸੀਆਰਬੀ ਨੇ ਕਿਹਾ ਕਿ ਵਿਚ ਪੋਕਸੋ ਤਹਿਤ 1,357 ਕੇਸ ਦਰਜ ਕੀਤੇ ਗਏ ਸਨ। ਅੰਕੜਿਆਂ ਅਨੁਸਾਰ ਸਾਲ 2021 ਵਿਚ ਲੜਕੀਆਂ ਨਾਲ ਬਲਾਤਕਾਰ ਦੇ 833 ਮਾਮਲੇ ਦਰਜ ਕੀਤੇ ਗਏ, ਜੋ ਕਿ ਮਹਾਨਗਰਾਂ ਵਿਚ ਸਭ ਤੋਂ ਵੱਧ ਹੈ।