
ਐਂਬੂਲੈਂਸ ਦੇ ਡਰਾਈਵਰ ਅਤੇ ਸਹਾਇਕ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ।
ਕੋਝੀਕੋਡ- ਕੇਰਲ ਦੇ ਕੋਝੀਕੋਡ 'ਚ ਸਕੂਟਰ ਦੀ ਟੱਕਰ ਨਾਲ ਜ਼ਖਮੀ ਹੋਏ ਇਕ ਵਿਅਕਤੀ ਦੀ ਐਂਬੂਲੈਂਸ ਦਾ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਗੱਡੀ 'ਚ ਹੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਸੂਤਰਾਂ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਸਰਕਾਰੀ ਮੈਡੀਕਲ ਹਸਪਤਾਲ ਲਿਆਂਦਾ ਗਿਆ ਪਰ ਤਕਨੀਕੀ ਖ਼ਰਾਬੀ ਕਾਰਨ ਐਂਬੂਲੈਂਸ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ।
ਪੁਲਿਸ ਸੂਤਰਾਂ ਨੇ ਮ੍ਰਿਤਕ ਦੀ ਪਛਾਣ 66 ਸਾਲਾ ਕੋਇਮੋਨ ਵਜੋਂ ਕੀਤੀ ਹੈ, ਜੋ ਕਿ ਨੇੜਲੇ ਫਿਰੋਕ ਦਾ ਰਹਿਣ ਵਾਲਾ ਸੀ ਅਤੇ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਸੂਤਰਾਂ ਨੇ ਦੱਸਿਆ ਕਿ ਐਂਬੂਲੈਂਸ ਦਾ ਦਰਵਾਜ਼ਾ ਕਰੀਬ ਅੱਧੇ ਘੰਟੇ ਤੱਕ ਬੰਦ ਰਿਹਾ, ਜਿਸ ਕਾਰਨ ਉਸ ਨੂੰ ਹਸਪਤਾਲ ਦੇ ਐਕਸੀਡੈਂਟ ਵਾਰਡ 'ਚ ਸ਼ਿਫਟ ਕਰਨ 'ਚ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਦੇ ਡਰਾਈਵਰ ਅਤੇ ਸਹਾਇਕ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ।
Ambulance
ਸੂਤਰਾਂ ਨੇ ਦੱਸਿਆ ਕਿ ਬਾਅਦ 'ਚ ਨੇੜੇ ਖੜ੍ਹੇ ਲੋਕਾਂ ਨੇ ਸ਼ੀਸ਼ਾ ਤੋੜ ਕੇ ਐਂਬੂਲੈਂਸ ਦਾ ਦਰਵਾਜ਼ਾ ਅੰਦਰੋਂ ਖੋਲ੍ਹਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਇਸ ਦੌਰਾਨ ਮੈਡੀਕਲ ਕਾਲਜ ਪੁਲਿਸ ਨੇ ਕਿਹਾ ਕਿ ਹਸਪਤਾਲ ਤੋਂ ਘਟਨਾ ਦੀ ਜਾਣਕਾਰੀ ਮਿਲਣੀ ਬਾਕੀ ਹੈ। ਇਸ ਦੇ ਨਾਲ ਹੀ ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਪੂਰੇ ਘਟਨਾਕ੍ਰਮ ਦੀ ਜਾਂਚ ਦੇ ਹੁਕਮ ਦਿੱਤੇ ਹਨ।