
ਪੰਜਾਬ ਦਾ ਕੋਈ ਮੁਕਾਬਲਾ ਨਹੀਂ ਅਤੇ ਹਰ ਦ੍ਰਿਸ਼ਟੀ ਤੋਂ ਪੰਜਾਬ ਦੇਸ਼ ’ਚੋਂ ਨੰਬਰ ਇਕ: ਰਾਜਪਾਲ
ਚੰਡੀਗੜ੍ਹ: ਖੇਡ ਦਿਵਸ ਮੌਕੇ ਆਯੋਜਨ ਕੀਤੇ ਗਏ ਇਕ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੀ ਤਾਰੀਫ਼ ਕਰਦੇ ਨਜ਼ਰ ਆਏ। ਰਾਜਪਾਲ ਨੇ ਚੰਡੀਗੜ੍ਹ ’ਚ ਪੰਜਾਬ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਖੇਡਾਂ ’ਚ ਪੰਜਾਬ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਖੇਡ ਦਿਵਸ ਮੌਕੇ ਅਪਣੇ ਭਾਸ਼ਣ ਵਿਚ ਕਿਹਾ ਕਿ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਅਤੇ ਹਰ ਦ੍ਰਿਸ਼ਟੀ ਤੋਂ ਪੰਜਾਬ ਦੇਸ਼ ਭਰ ’ਚੋਂ ਨੰਬਰ ਇਕ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੀ ਕਰਮ ਭੂਮੀ ’ਤੇ ਮਾਣ ਹੈ।
ਉਨ੍ਹਾਂ ਕਿਹਾ ਕਿ ਦੇਸ਼ ’ਚ ਅਨਾਜ ਸੰਕਟ ਮੌਕੇ ਅਤੇ ਮੌਜੂਦਾ ਸਮੇਂ ਗੁਦਾਮਾਂ ਨੂੰ ਭਰੇ ਰੱਖਣ ’ਚ ਪੰਜਾਬ ਦਾ ਵੱਡਾ ਯੋਗਦਾਨ ਹੈ। ਇਸ ਦੌਰਾਨ ਰਾਜਪਾਲ ਨੇ ਸਰ੍ਹੋਂ, ਸਾਗ ਅਤੇ ਮੱਕੀ ਦੀ ਰੋਟੀ ਦੀ ਗੱਲ ਵੀ ਕੀਤੀ। ਰਾਜਪਾਲ ਨੇ ਕਿਹਾ, “ਰਾਜਸਥਾਨ 'ਚ ਮੇਰਾ ਜਨਮ ਹੋਇਆ। ਪਿਤਾ ਫੈਕਟਰੀ 'ਚ ਮੈਨੇਜਰ ਸਨ, ਇਸ ਲਈ 3 ਸਾਲ ਦੀ ਉਮਰ 'ਚ ਉਨ੍ਹਾਂ ਨਾਲ ਮਹਾਰਾਸ਼ਟਰ ਚਲਾ ਗਿਆ। 2 ਵਾਰ ਮੈਂ ਵਿਧਾਇਕ ਰਿਹਾਂ। ਲੋਕਾਂ ਦਾ ਪਿਆਰ ਮਿਲਿਆ ਤੇ 3 ਵਾਰ ਲੋਕ ਸਭਾ 'ਚ ਭੇਜਿਆ। ਮਹਾਰਾਸ਼ਟਰ ਤੋਂ ਬਾਅਦ ਮੇਘਾਲਿਆ ਤੇ ਤਾਮਿਲਨਾਡੂ ਰਿਹਾਂ। ਬਾਅਦ ਵਿਚ ਪੰਜਾਬ ਆ ਗਿਆ। 4 ਸੂਬਿਆਂ ਦਾ ਗਵਰਨਰ ਰਿਹਾ ਤੇ ਮਾਣ ਨਾਲ ਕਹਿੰਦਾ ਹਾਂ ਕਿ ਪੰਜਾਬ ਦਾ ਕੋਈ ਸਾਨੀ ਨਹੀਂ ਹੈ। ਮੈਨੂੰ ਆਪਣੀ ਜਨਮ ਭੂਮੀ 'ਤੇ ਵੀ ਮਾਣ ਹੈ ਤੇ ਕਰਮ ਭੂਮੀ 'ਤੇ ਵੀ”।
ਰਾਜਪਾਲ ਨੇ ਪੰਜਾਬੀ ਖਾਣੇ ਦੀ ਤਾਰੀਫ਼ ਕਰਦਿਆਂ ਕਿਹਾ, “ਪੰਜਾਬ ਦਾ ਖਾਣਾ ਬਹੁਤ ਸਵਾਦੀ ਹੈ। ਇਥੋਂ ਦੀ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਕੋਈ ਜਵਾਬ ਨਹੀਂ ਹੈ। ਗਰਮੀਆਂ 'ਚ ਮਲਾਈਦਾਰ ਲੱਸੀ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਸੱਭਿਆਚਾਰਕ ਗਤੀਵਿਧੀਆਂ 'ਚ ਪੰਜਾਬ ਦੇ ਭੰਗੜੇ ਦਾ ਕੋਈ ਮੁਕਾਬਲਾ ਨਹੀਂ। ਕਿਸਾਨਾਂ ਦੀ ਮਿਹਨਤ ਨਾਲ ਦੇਸ਼ ਦੇ ਅਨਾਜ ਭੰਡਾਰ ਭਰੇ ਪਏ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਨੂੰ ਅਨਾਜ ਭੇਜਦੇ ਹਾਂ। ਇਸ ਲਈ ਪੰਜਾਬ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ 23 ਜ਼ਿਲ੍ਹਿਆਂ 'ਚ ਗਿਆ ਹਾਂ। ਗੁਰਦੁਆਰਿਆਂ 'ਚ ਮੱਥਾ ਟੇਕਿਆ, ਜਿਥੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ”। ਖਿਡਾਰੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਉਲੰਪਿਕ ਮੈਡਲ ਜਿੱਤ ਕੇ ਚੰਡੀਗੜ੍ਹ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਨਵੀਂ ਖੇਡ ਨੀਤੀ ਲਈ ਸ਼ੁੱਭਕਾਮਨਾਵਾਂ ਵੀ ਦਿਤੀਆਂ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਆਖ਼ਰੀ ਪੱਤਰ ਦਾ ਜਵਾਬ ਦੇਣ ਲਈ ਕੀਤੀ ਪ੍ਰੈਸ ਕਾਨਫ਼ਰੰਸ ’ਚ ਕਈ ਹਮਲੇ ਬੋਲੇ ਸਨ। ਰਾਜਪਾਲ ਜੋ ਆਮ ਤੌਰ ’ਤੇ ਮੁੱਖ ਮੰਤਰੀ ਨੂੰ ਜਵਾਬ ਦੇਣ ਤੋਂ ਖੁੰਝਦੇ ਨਹੀਂ ਸਨ, ਹੁਣ ਉਹ ਥੋੜ੍ਹੇ ਬਦਲੇ ਨਜ਼ਰ ਆ ਰਹੇ ਹਨ।