
ਕਿਹਾ, ਸੈਂਸਰ ਬੋਰਡ ਨੇ ਇੰਦਰਾ ਗਾਂਧੀ ਦੇ ਕਤਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਪੰਜਾਬ ’ਚ ਹਿੰਸਾ ਦੇ ਦਿ੍ਰਸ਼ਾਂ ਨੂੰ ਕੱਟਣ ਲਈ ਕਿਹਾ
ਨਵੀਂ ਦਿੱਲੀ : ਕੰਗਨਾ ਰਨੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਇਸ ’ਤੇ ਪੈਦਾ ਵਿਵਾਦਾਂ ਕਾਰਨ ਫਸ ਗਈ ਲਗਦੀ ਹੈ। ਇਸ ਬਾਰੇ ਜਾਣਕਾਰੀ ਖ਼ੁਦ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਜਾਰੀ ਕਰ ਕੇ ਦਿਤੀ।
ਕੰਗਨਾ ਨੇ ਸ਼ੁਕਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਵੀਡੀਉ ਸਾਂਝਾ ਕਰਦਿਆਂ ਕਿਹਾ, ‘‘ਲੋਕ ਅਫਵਾਹਾਂ ਫੈਲਾ ਰਹੇ ਹਨ ਕਿ ਸਾਡੀ ਫਿਲਮ ਐਮਰਜੈਂਸੀ ਨੂੰ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ, ਪਰ ਇਹ ਸੱਚ ਨਹੀਂ ਹੈ। ਸਾਨੂੰ ਪਹਿਲਾਂ ਸੀ.ਬੀ.ਐਫ.ਸੀ. ਕਲੀਅਰੈਂਸ ਸਰਟੀਫਿਕੇਟ ਮਿਲਿਆ ਸੀ, ਪਰ ਹੁਣ ਲੋਕਾਂ ਵਲੋਂ ਸਾਨੂੰ ਅਤੇ ਸੀ.ਬੀ.ਐਫ.ਸੀ. ਬੋਰਡ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਭੇਜਣ ਤੋਂ ਬਾਅਦ ਇਸ ਨੂੰ ਰੋਕ ਦਿਤਾ ਗਿਆ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਸਾਡੇ ’ਤੇ ਇੰਦਰਾ ਗਾਂਧੀ ਦੇ ਕਤਲ, ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਪੰਜਾਬ ’ਚ ਦੰਗੇ ਨਾ ਵਿਖਾਉਣ ਦਾ ਦਬਾਅ ਹੈ। ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਫਿਰ ਵੀ ਵਿਖਾਈਏ? ਜੇ ਅਸੀਂ ਇਨ੍ਹਾਂ ਦ੍ਰਿਸ਼ਾਂ ਨੂੰ ਹਟਾ ਦਿੰਦੇ ਹਾਂ ਤਾਂ ਵਿਖਾਉਣ ਜਾਂ ਦੱਸਣ ਲਈ ਕੀ ਬਚੇਗਾ। ਇਹ ਮੇਰੇ ਲਈ ਬਹੁਤ ਅਵਿਸ਼ਵਾਸ਼ਯੋਗ ਸਮਾਂ ਹੈ ਅਤੇ ਮੈਨੂੰ ਇਸ ਦੇਸ਼ ਦੀ ਸਥਿਤੀ ਲਈ ਸੱਚਮੁੱਚ ਅਫਸੋਸ ਹੈ।’’
‘ਐਮਰਜੈਂਸੀ’ ਫ਼ਿਲਮ 2022 ਤੋਂ ਬਣ ਰਹੀ ਹੈ। ਫਿਲਮ ’ਚ ਅਨੁਪਮ ਖੇਰ, ਸ਼੍ਰੇਆਸ ਤਲਪੜੇ, ਮਹਿਮਾ ਚੌਧਰੀ ਅਤੇ ਮਰਹੂਮ ਸਤੀਸ਼ ਕੌਸ਼ਿਕ ਵੀ ਹਨ। ਫਿਲਮ ਦਾ ਨਿਰਦੇਸ਼ਨ ਕਰਨ ਵਾਲੀ ਕੰਗਨਾ ਰਨੌਤ ਵੀ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਫਿਲਮ ਦਾ ਟਰੇਲਰ ਕੁਝ ਹਫ਼ਤੇ ਪਹਿਲਾਂ ਇਕ ਸ਼ਾਨਦਾਰ ਸਮਾਗਮ ਵਿਚ ਜਾਰੀ ਕੀਤਾ ਗਿਆ ਸੀ।
ਪਰ ਕੁੱਝ ਦਿਨਾਂ ਬਾਅਦ ਇਸ ’ਚ ਸਿੱਖਾਂ ਬਾਰੇ ਇਤਿਹਾਸ ਦੀ ਗ਼ਲਤ ਪੇਸ਼ਕਾਰੀ ਕਰਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਜਦੋਂ ਸੰਘ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵੋਟਾਂ ਦੇਣ ਬਦਲੇ ਖ਼ਾਲਿਸਤਾਨ ਦੀ ਮੰਗ ਕਰਦਿਆਂ ਵਿਖਾਇਆ ਗਿਆ ਸੀ। ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਤੋਂ ਬਚਣ ਲਈ ਸੂਬੇ ਵਿਚ ਫਿਲਮ ’ਤੇ ਪਾਬੰਦੀ ਲਗਾਈ ਜਾਵੇ।