
ਸੀਬੀਆਈ ਦੀ ਅਦਾਲਤ ਨੇ ਸੁਣਾਇਆ ਫ਼ੈਸਲਾ
ਨਵੀਂ ਦਿੱਲੀ: 28 ਸਾਲ ਪੁਰਾਣੇ ਅਯੋਧਿਆ ਵਿਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਜੱਜ ਸੁਰਿੰਦਰ ਕੁਮਾਰ ਯਾਦਵ ਦੀ ਵਿਸ਼ੇਸ਼ ਅਦਾਲਤ ਨੇ ਅਪਣਾ ਫੈਸਲਾ ਸੁਣਾ ਦਿੱਤਾ ਹੈ। ਫੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਮਸਜਿਦ ਨੂੰ ਢਾਹੁਣ ਦੀ ਯੋਜਨਾ ਪਹਿਲਾਂ ਤੋਂ ਤਿਆਰ ਨਹੀਂ ਕੀਤੀ ਗਈ ਸੀ, ਬਲਕਿ ਇਹ ਇਕ ਹਾਦਸਾ ਸੀ।
Babri Masjid Demolition Case
ਅਦਾਲਤ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਕਲਿਆਣ ਸਿੰਘ ਸਮੇਤ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਵਿਚ ਓਮਾ ਭਾਰਤੀ,ਅਸ਼ੋਕ ਸਿੰਘਲ ਤੇ ਸਾਧਵੀ ਰਿਤੰਭਰਾ ਆਦਿ ਦੇ ਨਾਂਅ ਵੀ ਸ਼ਾਮਲ ਸਨ। 28 ਸਾਲ ਪੁਰਾਣੇ ਇਸ ਮਾਮਲੇ ਵਿਚ 49 ਦੋਸ਼ੀਆਂ ਵਿਚੋਂ 17 ਦੀ ਮੌਤ ਹੋ ਚੁੱਕੀ ਹੈ।
Babri Masjid
ਇਸ ਮਾਮਲੇ ਦੇ ਸਿਰਫ਼ 32 ਦੋਸ਼ੀ ਹੀ ਬਚੇ ਸਨ। ਬਾਬਰੀ ਮਾਮਲੇ ਦੇ ਲਗਭਗ 50 ਗਵਾਹ ਵੀ ਇਸ ਦੁਨੀਆਂ ਤੋਂ ਵਿਦਾ ਹੋ ਚੁੱਕੇ ਹਨ। ਕੋਰਟ ਨੇ ਸਾਰੇ ਦੋਸ਼ੀਆਂ ਨੂੰ ਸੁਣਵਾਈ ਦੌਰਾਨ ਕੋਰਟ ਵਿਚ ਮੌਜੂਦ ਰਹਿਣ ਲਈ ਕਿਹਾ ਸੀ, ਪਰ 26 ਦੋਸ਼ੀ ਹੀ ਅਦਾਲਤ ਵਿਚ ਸ਼ਾਮਲ ਹੋਏ। ਇਸ ਦੌਰਾਨ ਅਡਵਾਨੀ ਅਤੇ ਜੋਸ਼ੀ ਵੀਡੀਓ ਕਾਨਫਰੰਸ ਜ਼ਰੀਏ ਸ਼ਾਮਲ ਹੋਏ।
Babri Masjid
ਦੱਸ ਦਈਏ ਕਿ ਇਹਨਾਂ ਦੋਸ਼ੀਆਂ ‘ਤੇ 28 ਸਾਲ ਪਹਿਲਾਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਦੇ ਇਲਜ਼ਾਮ ਸਨ। ਅਦਾਲਤ ਦੇ ਇਸ ਫੈਸਲੇ ‘ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਖੁਸ਼ੀ ਜਤਾਈ ਹੈ।