
ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਮਾਮਲੇ ਦੀ ਨਿੰਦਾ ਕੀਤੀ ਹੈ ਅਤੇ ਸੋਨੀਆ ਗਾਂਧੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਕਾਂਗਰਸ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਪਾਰਟੀ ਲੀਡਰਸ਼ਿਪ 'ਤੇ ਸਵਾਲ ਚੁੱਕੇ, ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸੀ ਵਰਕਰ ਬੁੱਧਵਾਰ ਸ਼ਾਮ ਕਪਿਲ ਸਿੱਬਲ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਕਾਰਨ ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਮਾਮਲੇ ਦੀ ਨਿੰਦਾ ਕੀਤੀ ਹੈ ਅਤੇ ਸੋਨੀਆ ਗਾਂਧੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਟਵੀਟ ਕੀਤਾ ਕਿ ਕਾਂਗਰਸ ਦਾ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਇਤਿਹਾਸ ਰਿਹਾ ਹੈ। ਵਿਚਾਰ ਅਤੇ ਧਾਰਨਾ ਦੇ ਅੰਤਰ ਲੋਕਤੰਤਰ ਦਾ ਅਨਿੱਖੜਵਾਂ ਅੰਗ ਹਨ। ਅਸਹਿਣਸ਼ੀਲਤਾ ਅਤੇ ਹਿੰਸਾ ਕਾਂਗਰਸ ਦੀਆਂ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਤੋਂ ਵੱਖਰੇ ਹਨ। ਉਨ੍ਹਾਂ ਲਿਖਿਆ ਕਿ ਕਪਿਲ ਸਿੱਬਲ ਦੇ ਘਰ 'ਤੇ ਹਮਲੇ ਅਤੇ ਗੁੰਡਾਗਰਦੀ ਦੀ ਖ਼ਬਰ ਸੁਣ ਕੇ ਹੈਰਾਨ ਅਤੇ ਨਿਰਾਸ਼ ਹਾਂ। ਇਹ ਨਿੰਦਣਯੋਗ ਕਾਰਵਾਈ ਪਾਰਟੀ ਲਈ ਬਦਨਾਮੀ ਕਰਦੀ ਹੈ ਅਤੇ ਇਸ ਦੀ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਤੇ ਅਨੁਸ਼ਾਸ਼ਿਤ ਕੀਤਾ ਜਾਣਾ ਚਾਹੀਦਾ ਹੈ।