
ਵੀਜ਼ਾ ਲਈ ਉਡੀਕ ਸਮਾਂ ਘਟਾਉਣ ਲਈ ਅਮਰੀਕੀ ਦੂਤਾਵਾਸ ਆਪਣੇ ਸਟਾਫ ਦੀ ਗਿਣਤੀ ਵਧਾਉਣ ਜਾ ਰਿਹਾ ਹੈ।
ਨਵੀਂ ਦਿੱਲੀ: ਅਮਰੀਕਾ ਵਿਚ ਪੜ੍ਹਨ ਲਈ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 20 ਫ਼ੀਸਦੀ ਭਾਰਤੀ ਵਿਦਿਆਰਥੀ ਹਨ। ਇਹਨੀਂ ਦਿਨੀਂ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਵਿਦਿਆਰਥੀ ਵੀਜ਼ਾ ਲਈ ਅਮਰੀਕੀ ਦੂਤਾਵਾਸ 430 ਦਿਨਾਂ ਦਾ ਸਮਾਂ ਮੰਗ ਰਿਹਾ ਹੈ ਅਤੇ ਭਾਰਤੀ ਮੂਲ ਦੇ ਲੋਕਾਂ ਲਈ ਅਮਰੀਕੀ ਵਿਜ਼ਟਰ ਵੀਜ਼ਾ ਅਪੌਇੰਟਮੈਂਟ ਵੇਟਿੰਗ ਸਮਾਂ 833 ਦਿਨ ਹੈ।
ਇਸ ਦਰਮਿਆਨ ਭਾਰਤ ਵੱਲੋਂ ਲੰਬੀ ਵੀਜ਼ਾ ਉਡੀਕ ਸੂਚੀਆਂ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਅਮਰੀਕਾ ਹੁਣ ਹਰਕਤ ਵਿਚ ਆ ਗਿਆ ਹੈ। ਵੀਜ਼ਾ ਲਈ ਉਡੀਕ ਸਮਾਂ ਘਟਾਉਣ ਲਈ ਅਮਰੀਕੀ ਦੂਤਾਵਾਸ ਆਪਣੇ ਸਟਾਫ ਦੀ ਗਿਣਤੀ ਵਧਾਉਣ ਜਾ ਰਿਹਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਮੁੱਦਾ ਉਠਾਏ ਜਾਣ ਤੋਂ ਬਾਅਦ ਦਿੱਲੀ ਵਿਚ ਅਮਰੀਕੀ ਦੂਤਾਵਾਸ ਨੇ ਸਥਿਤੀ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ ਹੈ।
ਮੀਡੀਆ ਰਿਪੋਰਟ ਅਨੁਸਾਰ ਨਵੀਂ ਦਿੱਲੀ ਵਿਚ ਅਮਰੀਕੀ ਦੂਤਾਵਾਸ ਵਿਚ ਕੌਂਸਲਰ ਮਾਮਲਿਆਂ ਦੇ ਮੰਤਰੀ ਡੌਨ ਹੇਫਲਿਨ ਨੇ ਕਿਹਾ ਕਿ ਕੌਂਸਲੇਟ ਵਿਚ ਅਸਥਾਈ ਸਟਾਫ ਅਤੇ ਡਰਾਪ ਬਾਕਸ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਇਸ ਵਿਚ ਇਕ ਸਾਲ ਤੋਂ ਵੀ ਘੱਟ ਸਮਾਂ ਲੱਗੇਗਾ। ਉਹਨਾਂ ਉਮੀਦ ਪ੍ਰਗਟਾਈ ਜਲਦ ਪਹਿਲਾਂ ਵਰਗੀ ਸਥਿਤੀ ਹੋਵੇਗੀ।
ਡਰਾਪ ਬਾਕਸ ਦਾ ਮਤਲਬ ਹੈ ਕਿ ਉਹਨਾਂ ਲੋਕਾਂ ਲਈ ਕਿਸੇ ਮੁਲਾਕਾਤ ਦੀ ਲੋੜ ਨਹੀਂ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਅਮਰੀਕਾ ਦਾ ਵੀਜ਼ਾ ਸੀ ਅਤੇ ਇਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਮਿਆਦ ਪੂਰੀ ਹੋ ਗਈ ਸੀ। ਇਹ ਉਪਾਅ ਵੀਜ਼ਾ ਲਈ ਉਡੀਕ ਸਮੇਂ ਨੂੰ ਘਟਾ ਦੇਣਗੇ। ਉਹਨਾਂ ਇਹ ਵੀ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਵਿਚ ਐਚ ਅਤੇ ਐਲ ਵਰਕਰ ਵੀਜ਼ਾ ਸ਼੍ਰੇਣੀ ਲਈ 1 ਲੱਖ ਅਪੌਇੰਟਮੈਂਟਾਂ ਖੋਲ੍ਹੀਆਂ ਜਾਣਗੀਆਂ।
ਅਮਰੀਕੀ ਦੂਤਾਵਾਸ ਨੇ ਕਿਹਾ ਕਿ ਸਤੰਬਰ 2023 ਤੱਕ ਕਰਮਚਾਰੀਆਂ ਦੀ ਗਿਣਤੀ 100 ਫੀਸਦੀ ਤੱਕ ਪਹੁੰਚ ਜਾਵੇਗੀ। ਅਮਰੀਕੀ ਵੈੱਬਸਾਈਟ ਮੁਤਾਬਕ ਭਾਰਤ ਤੋਂ ਅਮਰੀਕਾ ਦਾ ਵਿਜ਼ਟਰ ਵੀਜ਼ਾ ਲੈਣ ਲਈ ਅਪੌਇੰਟਮੈਂਟ ਵੇਟਿੰਗ ਟਾਈਮ 833 ਦਿਨ ਦਿਖਾ ਰਿਹਾ ਹੈ, ਜਦਕਿ ਚੀਨ ਲਈ ਅਪੌਇੰਟਮੈਂਟਾਂ ਵੇਟਿੰਗ ਟਾਈਮ ਦੋ ਦਿਨ ਹੈ। ਦਰਅਸਲ ਇਸ ਹਫ਼ਤੇ ਦੇ ਸ਼ੁਰੂ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਭਾਰਤ ਤੋਂ ਅਮਰੀਕੀ ਵੀਜ਼ਾ ਅਰਜ਼ੀਆਂ ਦੇ ਬਕਾਇਆ ਦਾ ਮੁੱਦਾ ਉਠਾਇਆ ਸੀ। ਇਸ 'ਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੰਵੇਦਨਸ਼ੀਲ ਹਨ ਅਤੇ ਉਹਨਾਂ ਕੋਲ ਇਸ ਨੂੰ ਹੱਲ ਕਰਨ ਦੀ ਯੋਜਨਾ ਹੈ।