ਹਾਲਾਂਕਿ ਸੌਦਾ ਸਾਧ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਭਾਰਤ 'ਚ ਰਹਿਣਗੇ
ਚੰਡੀਗੜ੍ਹ: ਸੌਦਾ ਸਾਧ ਦੇ ਡੇਰੇ ’ਤੇ ਹੁਣ ਹਨੀਪ੍ਰੀਤ ਦਾ ਏਕਾਧਿਕਾਰ ਹੋ ਗਿਆ ਹੈ ਕਿਉਂਕਿ ਸੌਦਾ ਸਾਧ ਦਾ ਪੂਰਾ ਪਰਿਵਾਰ ਵਿਦੇਸ਼ 'ਚ ਸੈਟਲ ਹੋ ਚੁੱਕਾ ਹੈ। ਹਾਲਾਂਕਿ ਸੌਦਾ ਸਾਧ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਭਾਰਤ 'ਚ ਰਹਿਣਗੇ ਪਰ ਬੇਟਾ ਜਸਮੀਤ, ਬੇਟੀ ਅਮਰਪ੍ਰੀਤ ਅਤੇ ਚਰਨਪ੍ਰੀਤ ਪਰਿਵਾਰ ਸਮੇਤ ਲੰਡਨ 'ਚ ਸੈਟਲ ਹੋ ਗਏ ਹਨ। ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਚਲੇ ਗਏ ਸਨ। 26 ਸਤੰਬਰ ਨੂੰ ਜਸਮੀਤ ਵੀ ਪਰਿਵਾਰ ਨਾਲ ਲੰਡਨ ਚਲਾ ਗਿਆ।
ਸੌਦਾ ਸਾਧ ਦੇ ਪਰਿਵਾਰ ਦੇ ਵਿਦੇਸ਼ ਵਿਚ ਸੈਟਲ ਹੋਣ ਦਾ ਕਾਰਨ ਹਨੀਪ੍ਰੀਤ ਨਾਲ ਮਤਭੇਦ ਦਿੱਤਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪਰਿਵਾਰ ਨੇ ਵੀ ਸ਼ਰਧਾਲੂਆਂ ਨੂੰ ਇਕ ਪੱਤਰ ਜਾਰੀ ਕੀਤਾ ਸੀ ਕਿ ਉਹਨਾਂ ਦੇ ਨਾਮ 'ਤੇ ਦਾਨ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ, ਇਸ ਲਈ ਜੇਕਰ ਸਾਡੇ ਨਾਮ 'ਤੇ ਕੋਈ ਦਾਨ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿਰਪਾ ਕਰਕੇ ਇਸ ਦੀ ਸੂਚਨਾ ਦਿਓ। ਇਹ ਪਹਿਲੀ ਵਾਰ ਸੀ ਜਦੋਂ ਸੌਦਾ ਸਾਧ ਦੇ ਪਰਿਵਾਰ ਨੇ ਆਪਣੇ ਪੈਰੋਕਾਰਾਂ ਨੂੰ ਅਜਿਹਾ ਪੱਤਰ ਜਾਰੀ ਕੀਤਾ ਸੀ, ਤਾਂ ਜੋ ਉਹਨਾਂ ਦੇ ਨਾਂ ਦੀ ਦੁਰਵਰਤੋਂ ਨਾ ਹੋ ਸਕੇ। ਜੇਲ ਤੋਂ ਜਾਰੀ ਆਪਣੇ 9ਵੇਂ ਪੱਤਰ 'ਚ ਡੇਰਾ ਮੁਖੀ ਨੇ ਖੁਦ ਪਰਿਵਾਰ ਅਤੇ ਹਨੀਪ੍ਰੀਤ ਵਿਚਾਲੇ ਇਕਜੁੱਟਤਾ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ।
28 ਮਾਰਚ ਨੂੰ ਸੌਦਾ ਸਾਧ ਨੇ ਪ੍ਰੇਮੀਆਂ ਨੂੰ ਜੇਲ੍ਹ ਤੋਂ 9ਵੀਂ ਚਿੱਠੀ ਭੇਜੀ ਸੀ। ਮਤਭੇਦਾਂ ਦੀਆਂ ਚਰਚਾਵਾਂ ਦਰਮਿਆਨ ਪਹਿਲੀ ਵਾਰ ਡੇਰਾ ਮੁਖੀ ਨੇ ਪਰਿਵਾਰ ਵਾਲਿਆਂ ਅਤੇ ਹਨੀਪ੍ਰੀਤ ਦਾ ਜ਼ਿਕਰ ਕੀਤਾ ਹੈ। ਇਸ ਨਾਲ ਪਰਿਵਾਰਕ ਰਿਸ਼ਤਿਆਂ ਵਿਚ ਕੁੜੱਤਣ ਦੀ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਹਾ ਜਾ ਰਿਹਾ ਸੀ ਕਿ ਉਸ ਦਾ ਪਰਿਵਾਰ ਹੁਣ ਵਿਦੇਸ਼ ਵਿਚ ਸੈਟਲ ਹੋਣ ਜਾ ਰਿਹਾ ਹੈ। ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਵੀ ਵਿਦੇਸ਼ ਜਾਣਗੇ। ਵਿਪਾਸਨਾ ਇੰਸਾ ਦੀ ਜਗ੍ਹਾ ਪੀਆਰ ਨੈਨ ਨੂੰ ਨਵਾਂ ਚੇਅਰਪਰਸਨ ਬਣਾਇਆ ਗਿਆ ਹੈ। ਪੱਤਰ 'ਚ ਡੇਰਾ ਪ੍ਰਬੰਧਨ 'ਚ ਕੁਝ ਬਦਲਾਅ ਦੀ ਗੱਲ ਵੀ ਕੀਤੀ ਗਈ ਸੀ। ਹਨੀਪ੍ਰੀਤ ਦੇ ਸਮਰਥਕਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।