
Air Pollution: 17 ਅਕਤੂਬਰ ਤੋਂ 17 ਨਵੰਬਰ ਤੱਕ ਹਲਾਤ ਰਹਿਣਗੇ ਖ਼ਰਾਬ
Air Pollution: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਨਸੀਆਰ ਨੂੰ ਜ਼ਹਿਰੀਲੀਆਂ ਹਵਾਵਾਂ ਤੋਂ ਬਚਾਉਣ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੀ ਰਫ਼ਤਾਰ ਪਿਛਲੇ ਸਾਲ ਨਾਲੋਂ ਤੇਜ਼ ਹੈ। ਪਿਛਲੇ ਸਾਲ ਸਤੰਬਰ 'ਚ ਪਰਾਲੀ ਸਾੜਨ ਦੀਆਂ ਸਿਰਫ 50 ਘਟਨਾਵਾਂ ਸਾਹਮਣੇ ਆਈਆਂ ਸਨ ਪਰ ਇਸ ਵਾਰ ਹੁਣ ਤੱਕ 120 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਇਸ ਦੇ ਨਾਲ ਹੀ ਮੌਸਮ ਦੇ ਪੈਟਰਨ 'ਚ ਬਦਲਾਅ ਅਤੇ ਆਉਣ ਵਾਲੇ ਦਿਨਾਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵਾਧੇ ਦੇ ਮੱਦੇਨਜ਼ਰ ਹਰ ਸਾਲ ਦੀ ਤਰ੍ਹਾਂ 17 ਅਕਤੂਬਰ ਤੋਂ ਬਾਅਦ ਐਨਸੀਆਰ ਦੀ ਹਵਾ ਜ਼ਹਿਰੀਲੀ ਹੋ ਸਕਦੀ ਹੈ।
ਪਰਾਲੀ ਦੇ ਧੂੰਏ ਨਾਲ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਪਹੁੰਚ ਸਕਦਾ ਹੈ। ਇਹ ਸਥਿਤੀ ਲਗਭਗ ਇੱਕ ਮਹੀਨੇ ਯਾਨੀ 17 ਨਵੰਬਰ ਤੱਕ ਬਣੀ ਰਹਿ ਸਕਦੀ ਹੈ। ਹਵਾ ਪ੍ਰਦੂਸ਼ਣ ਦੀ ਸਭ ਤੋਂ ਗੰਭੀਰ ਸਥਿਤੀ ਦੀਵਾਲੀ ਦੇ ਆਲੇ-ਦੁਆਲੇ ਦੇਖਣ ਨੂੰ ਮਿਲ ਸਕਦੀ ਹੈ। ਵਣ ਤੇ ਵਾਤਾਵਰਣ ਮੰਤਰਾਲੇ ਨੇ ਆਪਣੇ ਪਿਛਲੇ ਸਾਲਾਂ ਦੇ ਅਨੁਭਵਾਂ ਨੂੰ ਦੇਖਦੇ ਹੋਏ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨੂੰ ਇਸ ਸਮੇਂ ਨੂੰ ਲੈ ਕੇ ਚੌਕਸ ਕੀਤਾ ਹੈ।
ਉਸ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਉੱਤੇ ਰੋਕ ਲਗਾਉਣ ਤੇ ਹਵਾ ਪ੍ਰਦੂਸ਼ਣ ਵਧਾਉਣ ਵਾਲੇ ਸਥਾਨਕ ਕਾਰਨਾਂ ਉੱਤੇ ਵੀ ਅਸਰਦਾਰ ਤਰੀਕੇ ਨਾਲ ਰੋਕ ਲਗਾਉਣ ਲਈ ਕਿਹਾ ਹੈ। ਵੈਸੇ ਵੀ ਐੱਨਸੀਆਰ ਵਿੱਚ ਹਰ ਸਾਲ ਵਧਣ ਵਾਲੇ ਹਵਾ ਪ੍ਰਦੂਸ਼ਣ ਵਿੱਚ ਪਰਾਲੀ ਦੇ ਧੂੰਏ ਦੀ ਮਾਤਰਾ ਲਗਭਗ 40 ਫੀਸਦ ਤਕ ਰਹਿੰਦੀ ਹੈ। ਬਾਕੀ 60 ਫੀਸਦੀ ਵਿੱਚ ਗੱਡੀਆਂ ਵਿੱਚੋਂ ਨਿਕਲਣ ਵਾਲੇ ਧੂੰਏ, ਨਿਰਮਾਣ ਤੇ ਸੜਕਾਂ ਤੋਂ ਉੱਠਣ ਵਾਲੀ ਧੂੜ ਆਦਿ ਸ਼ਾਮਲ ਹੁੰਦੀ। ਖ਼ਾਸ ਗੱਲ ਇਹ ਹੈ ਕਿ ਐੱਨਸੀਆਰ ਵਿੱਚ ਇਸ ਸੀਜ਼ਨ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਹਰ ਸਾਲ ਬਣਦੀ ਹੈ।
ਜ਼ਹਿਰੀਲੀਆਂ ਹਵਾਵਾਂ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਜਾਂਦੀ ਹੈ। ਹਰ ਸਾਲ ਲੋਕਾਂ ਨੂੰ ਇਸ ਸੰਕਟ ਤੋਂ ਬਚਾਉਣ ਲਈ ਬਹੁਤ ਸਾਰੀਆਂ ਯੋਜਨਾਵਾਂ ਬਣਦੀਆਂ ਹਨ, ਕਾਫੀ ਮੀਟਿੰਗਾਂ ਹੁੰਦੀਆਂ ਹਨ ਪਰ ਸਥਿਤੀ ਲਗਭਗ ਦੀ ਹੀ ਦੇਖਣ ਨੂੰ ਮਿਲਦੀ ਹੈ।