
ਮ੍ਰਿਤਕ ਵਿਦਿਆਰਥੀਆਂ ਵਿਚ ਡਰਾਈਵਰ ਦਾ ਬੱਚਾ ਵੀ ਸ਼ਾਮਲ
School Van Accident News: ਜ਼ਿਲ੍ਹੇ ਦੇ ਉਸਾਵਾ ਇਲਾਕੇ ਵਿਚ ਸੋਮਵਾਰ ਸਵੇਰੇ ਸਕੂਲ ਵੈਨ ਅਤੇ ਸਕੂਲ ਬੱਸ ਵਿਚਾਲੇ ਹੋਈ ਟੱਕਰ ਵਿਚ ਚਾਰ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 16 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਛੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿਚ ਸਕੂਲ ਵੈਨ ਦਾ ਡਰਾਈਵਰ ਵੀ ਸ਼ਾਮਲ ਹੈ।
ਬਦਾਯੂੰ ਦੇ ਜ਼ਿਲ੍ਹਾ ਮੈਜਿਸਟਰੇਟ ਮਨੋਜ ਕੁਮਾਰ ਨੇ ਦਸਿਆ ਕਿ ਸਾਰੇ ਜ਼ਖ਼ਮੀਆਂ ਦਾ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਹੈ। ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਮ੍ਰਿਤਕਾਂ ਵਿਚ ਸਕੂਲ ਵੈਨ ਡਰਾਈਵਰ ਓਮੇਂਦਰ (28), ਉਸ ਦਾ ਬੇਟਾ ਹਰਸ਼ਿਤ (9), ਵਿਦਿਆਰਥਣ ਖੁਸ਼ੀ (6) ਅਤੇ ਪਾਰੁਲ (9) ਸ਼ਾਮਲ ਹਨ। ਇਕ ਬੱਚੇ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।
ਉਨ੍ਹਾਂ ਦਸਿਆ ਕਿ ਸੋਮਵਾਰ ਸਵੇਰੇ ਕਰੀਬ 8 ਵਜੇ ਉਸਵਾਨ ਥਾਣਾ ਖੇਤਰ ਦੇ ਪਿੰਡ ਨਵੀਗੰਜ ਨੇੜੇ ਐਸ. ਆਰ. ਪੀ.ਐਸ. ਇੰਗਲਿਸ਼ ਮੀਡੀਅਮ ਸਕੂਲ ਗੌਤਰਾ ਦੀ ਮਾਰੂਤੀ ਵੈਨ ਅਤੇ ਸਤਿਆਦੇਵ ਇੰਟਰ ਕਾਲਜ ਜਵਾਹਰ ਨਗਲਾ ਦੀ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਉਨ੍ਹਾਂ ਦਸਿਆ ਕਿ ਇਸ ਹਾਦਸੇ ਵਿਚ ਵੈਨ ਵਿਚ ਸਵਾਰ ਚਾਰ ਬੱਚਿਆਂ ਦੀ ਮੌਤ ਹੋ ਗਈ ਜਦਕਿ 16 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਛੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕੁਮਾਰ ਨੇ ਦਸਿਆ ਕਿ ਚਸ਼ਮਦੀਦਾਂ ਅਨੁਸਾਰ 20 ਦੇ ਕਰੀਬ ਸਕੂਲੀ ਬੱਚਿਆਂ ਨੂੰ ਨਿਯਮਾਂ ਦੀ ਅਣਦੇਖੀ ਕਰਦਿਆਂ ਸਕੂਲ ਵੈਨ ਵਿਚ ਬਿਠਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਸੜਕ 'ਤੇ ਪਏ ਟੋਏ ਕਾਰਨ ਸਕੂਲ ਵੈਨ ਬੇਕਾਬੂ ਹੋ ਕੇ ਸਕੂਲ ਬੱਸ ਨਾਲ ਟਕਰਾ ਗਈ।