
ਸਭ ਤੋਂ ਵੱਧ ਵਿਦੇਸ਼ੀ ਉਡਾਣਾਂ ਦਿੱਲੀ ਆਉਂਦੀਆਂ ਹਨ, ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਬੰਦ ਕਰਨ ਜੋ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਨਾਲ ਪ੍ਰਭਾਵਿਤ ਹਨ।
Arvind Kejriwal
ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ''ਕਈ ਦੇਸ਼ਾਂ ਨੇ ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਰੋਕ ਦਿੱਤਾ ਹੈ। ਅਸੀਂ ਦੇਰੀ ਕਿਉਂ ਕਰ ਰਹੇ ਹਾਂ? ਪਹਿਲੀ ਲਹਿਰ ਵਿਚ ਵੀ ਅਸੀਂ ਵਿਦੇਸ਼ੀ ਉਡਾਣਾਂ ਨੂੰ ਰੋਕਣ ਵਿਚ ਦੇਰੀ ਕੀਤੀ ਸੀ। ਸਭ ਤੋਂ ਵੱਧ ਵਿਦੇਸ਼ੀ ਉਡਾਣਾਂ ਦਿੱਲੀ ਆਉਂਦੀਆਂ ਹਨ, ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। ਪ੍ਰਧਾਨ ਮੰਤਰੀ ਸਾਹਿਬ ਕਿਰਪਾ ਕਰਕੇ ਫਲਾਈਟਾਂ ਤੁਰੰਤ ਬੰਦ ਕਰੋ''
ਦੱਸ ਦਈਏ ਕਿ ਐਤਵਾਰ ਨੂੰ ਵੀ ਕੇਜਰੀਵਾਲ ਨੇ ਓਮੀਕਰੋਨ ਨੂੰ ਲੈ ਕੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਨੇ ਆਪਣੇ ਪੱਤਰ 'ਚ ਕਿਹਾ, "ਸਾਡੇ ਦੇਸ਼ ਨੇ ਪਿਛਲੇ ਡੇਢ ਸਾਲ ਤੋਂ ਕੋਰੋਨਾ ਖਿਲਾਫ਼ ਸਖਤ ਲੜਾਈ ਲੜੀ ਹੈ। ਸਾਨੂੰ ਚਿੰਤਾ ਦੇ ਨਵੇਂ ਰੂਪ ਨੂੰ ਭਾਰਤ 'ਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।"