
ਇਸ ’ਤੇ ਵਿਵਾਦ ਖੜਾ ਹੋ ਗਿਆ ਅਤੇ ਕੁੱਝ ਲੋਕਾਂ ਨੇ ਉਨ੍ਹਾਂ ’ਤੇ ਭੇਦਭਾਵ ਦੀ ਭਾਵਨਾ ਰੱਖਣ ਦਾ ਦੋਸ਼ ਲਗਾਇਆ।
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਸੋਮਵਾਰ ਨੂੰ ਛੇ ਮਹਿਲਾ ਸਾਂਸਦਾਂ ਨਾਲ ਅਪਣੀ ਇਕ ਸੈਲਫ਼ੀ ਸਾਂਝੀ ਕੀਤੀ ਅਤੇ ਕਿਹਾ ਕਿ,‘‘ਕੌਣ ਕਹਿੰਦਾ ਹੈ ਕਿ ਲੋਕਸਭਾ ਕੰਮ ਕਰਨ ਲਈ ਆਕਰਸ਼ਕ ਥਾਂ ਨਹੀਂ ਹੈ।’’ ਇਸ ’ਤੇ ਵਿਵਾਦ ਖੜਾ ਹੋ ਗਿਆ ਅਤੇ ਕੁੱਝ ਲੋਕਾਂ ਨੇ ਉਨ੍ਹਾਂ ’ਤੇ ਭੇਦਭਾਵ ਦੀ ਭਾਵਨਾ ਰੱਖਣ ਦਾ ਦੋਸ਼ ਲਗਾਇਆ। ਬਾਅਦ ਵਿਚ ਥਰੂਰ ਨੇ ‘ਕੁੱਠ ਲੋਕਾਂ ਨੂੰ ਠੇਸ ਪਹੁੰਚਾਉਣ’ ਲਈ ਮਾਫ਼ੀ ਮੰਗੀ ਅਤੇ ਕਿਹਾ ਕਿ ਮਹਿਲਾ ਸਾਂਸਦਾਂ ਦੇ ਕਹਿਣ ’ਤੇ ਹੀ ਇਹ ਸੈਲਫ਼ੀ ਲਈ ਗਈ ਅਤੇ ਟਵਿਟਰ ’ਤੇ ਪੋਸਟ ਕੀਤੀ ਗਈ ਅਤੇ ਇਹ ਸੱਭ ਚੰਗੇ ਮਿਜ਼ਾਜ ਨਾਲ ਕੀਤਾ ਗਿਆ।
ਥਰੂਰ ਨੇ ਸੁਪਰੀਆ ਸੁਲੇ, ਪਰਨੀਤ ਕੌਰ, ਥਮੀਜਾਚੀ ਥੰਗਾਪੰਡਿਅਨ, ਮਿਮੀ ਚਕਰਵਰਤੀ, ਨੁਸਰਤ ਜਹਾਂ ਰੂਹੀ ਅਤੇ ਜੋਤੀਮਣੀ ਨਾਲ ਸੈਲਫ਼ੀ ਸਾਂਝੀ ਕਰਦੇ ਹੋਏ ਟਵੀਟ ਕੀਤਾ,‘‘ਕੌਣ ਕਹਿੰਦਾ ਹੈ ਕਿ ਲੋਕਸਭਾ ਕੰਮ ਕਰਨ ਲਈ ਆਕਰਸ਼ਕ ਸਥਾਨ ਨਹੀਂ ਹੈ? ਅੱਜ ਸਵੇਰੇ ਅਪਣੀਆਂ ਛੇ ਸਾਥਣ ਸਾਂਸਦਾਂ ਨਾਲ।’’ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਟਵੀਟ ਕੀਤਾ,‘‘ਤੁਸੀ ਇਨ੍ਹਾਂ ਨੂੰ ਆਕਰਸ਼ਕ ਵਸਤੂ ਦੇ ਰੂਪ ਵਿਚ ਪੇਸ਼ ਕਰ ਕੇ ਸੰਸਦ ਅਤੇ ਰਾਜਨੀਤੀ ਵਿਚ ਇਨ੍ਹਾਂ ਮਹਿਲਾ ਸਾਂਸਦਾਂ ਦੇ ਯੋਗਦਾਨ ਨੂੰ ਨੀਵਾਂ ਕਰ ਰਹੇ ਹੋ। ਸੰਸਦ ਵਿਚ ਔਰਤਾਂ ਨੂੰ ਵਸਤੂ ਵਾਂਗੂ ਪੇਸ਼ ਕਰਨਾ ਬੰਦ ਕਰੋ।’’