
ਸੀਰੀਆ ਦੇ ਪੈਟਰੋਲੀਅਮ ਮੰਤਰਾਲੇ ਮੁਤਾਬਕ ਰਾਕੇਟ ਪੂਰਬੀ ਦੀਰ ਅਲ-ਜ਼ੌਰ ਸੂਬੇ ਵਿਚ ਅਲ-ਤੈਮ ਗੈਸ ਖੇਤਰ ਵਿਚ ਡਿੱਗਿਆ।
ਬੇਰੂਤ- ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਪੂਰਬੀ ਸੀਰੀਆ ਵਿਚ ਤੇਲ ਉਦਯੋਗ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ 'ਤੇ ਰਾਕੇਟ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 10 ਲੋਕ ਮਾਰੇ ਗਏ। ਇਹ ਜਾਣਕਾਰੀ ਸਰਕਾਰ ਨੇ ਸਾਂਝੀ ਕੀਤੀ ਇਸ ਦੇ ਜਵਾਬ ਵਿਚ ਸੀਰੀਆਈ ਕੁਰਦ ਦੀ ਅਗਵਾਈ ਵਾਲੀ ਫ਼ੌਜ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਸਮੂਹ ਦੇ 'ਸਲੀਪਰ ਸੈੱਲਾਂ' ਖ਼ਿਲਾਫ਼ ਇਕ ਮੁਹਿੰਮ ਵਿਚ 52 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀਰੀਆ ਦੇ ਪੈਟਰੋਲੀਅਮ ਮੰਤਰਾਲੇ ਮੁਤਾਬਕ ਰਾਕੇਟ ਪੂਰਬੀ ਦੀਰ ਅਲ-ਜ਼ੌਰ ਸੂਬੇ ਵਿਚ ਅਲ-ਤੈਮ ਗੈਸ ਖੇਤਰ ਵਿਚ ਡਿੱਗਿਆ। ਇਸ ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਬ੍ਰਿਟੇਨ ਦੇ ਇਕ ਯੁੱਧ ਨਿਗਰਾਨੀ ਸਮੂਹ 'ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਕਿਹਾ ਕਿ ਹਮਲੇ ਪਿੱਛੇ ਆਈ. ਐੱਸ. ਦਾ ਹੱਥ ਸੀ। ਆਬਜ਼ਰਵੇਟਰੀ ਨੇ ਰਾਕੇਟ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਦੱਸਦਿਆਂ ਕਿਹਾ ਕਿ ਘੱਟੋ-ਘੱਟ 12 ਜਵਾਨ ਮਾਰੇ ਗਏ ਹਨ।
ਯੂ. ਐੱਸ. ਸਮਰਥਿਤ ਅਤੇ ਕੁਰਦ ਦੀ ਅਗਵਾਈ ਵਾਲੀ ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਨੇ ਸ਼ੁੱਕਰਵਾਰ ਨੂੰ ਵੀ ਕਿਹਾ ਕਿ ਉਨ੍ਹਾਂ ਦੇ ਛਾਪੇ ਨੇ ਨਵੇਂ ਸਾਲ ਦੀ ਸ਼ਾਮ ਨੂੰ ਕਥਿਤ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਫ਼ੋਰਸ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਈ. ਐੱਸ. ਦੇ ਅੱਤਵਾਦੀ ਰਿਹਾਇਸ਼ੀ ਇਲਾਕਿਆਂ ਅਤੇ ਖੇਤਾਂ ਵਿਚ ਲੁਕੇ ਹੋਏ ਸਨ।