
500 ਸਿੱਖਾਂ ਵਿਰੁਧ ਕਤਲ, ਹਿੰਸਾ ਦੇ ਦੋਸ਼ਾਂ ਹੇਠ ਐਫ਼.ਆਈ.ਆਰ. ਦਰਜ
ਮੁੰਬਈ : ਮਹਾਰਾਸ਼ਟਰ ਦੇ ਨਾਂਦੇੜ ’ਚ ਗੁਰਦੁਆਰਾ ਸਾਹਿਬ ਵਿਚ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਇਸ ਮਾਮਲੇ ’ਚ 500 ਸਿੱਖਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਨਾਂਦੇੜ ’ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪ੍ਰਸ਼ਾਸਨ ਨੇ ਜਲੂਸ ਕੱਢਣ ਦੀ ਆਗਿਆ ਨਹੀਂ ਦਿਤੀ ਸੀ। ਨਾਂਦੇੜ ਰੇਂਜ ਦੇ ਪੁਲਿਸ ਡੀਆਈਜੀ ਨਿਸਾਰ ਤੰਬੋਲੀ ਨੇ ਦਸਿਆ ਕਿ, ‘‘ਮਹਾਂਮਾਰੀ ਦੇ ਚਲਦਿਆਂ ਹੋਲਾ-ਮਹੱਲੇ ਦਾ ਜਲੂਸ ਕਢਣ ਦੀ ਆਗਿਆ ਨਹੀਂ ਦਿੱਤੀ ਗਈ।
Nanded Sahib
ਕੋਰੋਨਾ ਦੀਆਂ ਪਾਬੰਦੀਆਂ ਕਾਰਨ ਪ੍ਰਸ਼ਾਸਨ ਨੇ ਹੋਲਾ ਮਹੱਲਾ ਮਨਾਉਣ ਦੀ ਮਨਜ਼ੂਰੀ ਨਹੀਂ ਦਿਤੀ ਸੀ ਪਰ ਇਸ ਦੇ ਬਾਵਜੂਦ ਲੋਕ ਸੜਕਾਂ ’ਤੇ ਉਤਰ ਆਏ। ਨੰਦੇੜ ਪੁਲਿਸ ਨੇ ਦਸਿਆ ਕਿ ਗੁਰਦੁਆਰੇ ਦੇ ਬਾਹਰ ਪੁਲਿਸ ਵਾਲਿਆਂ ਨਾਲ ਕੁੱਟਮਾਰ ਅਤੇ ਭੰਨ-ਤੋੜ ਦੇ ਮਾਮਲੇ ’ਚ 22 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਨਾਲ ਹੀ 500 ਸਿੱਖਾਂ ਵਿਰੁਧ ਦੰਗਾ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਹੈ।
nanded
ਐਸ.ਪੀ. ਵਿਨੋਦ ਸ਼ਿਵਾੜੇ ਨੇ ਦਸਿਆ ਕਿ ਨੰਦੇੜ ਜ਼ਿਲ੍ਹੇ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਸ਼ਾਸਨ ਨੇ ਲੋਕਾਂ ਦੇ ਇਕ ਥਾਂ ’ਤੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਸਿੱਖ ਹੋਲਾ ਮਹੱਲਾ ਕਢਣਾ ਚਾਹੁੰਦੇ ਸਨ। ਹਾਲਾਂਕਿ, ਗੁਰਦੁਆਰਾ ਦੇ ਅੰਦਰ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਦਿਤੀ ਗਈ ਸੀ ਪਰ ਅਜਿਹਾ ਨਹੀਂ ਹੋਇਆ। ਕਮੇਟੀ ਨੇ ਕਿਹਾ ਸੀ ਕਿ ਉਹ ਇਸ ਦਾ ਆਯੋਜਨ ਗੁਰਦੁਆਰਾ ਕੰਪਲੈਕਸ ਦੇ ਅੰਦਰ ਆਪ ਕਰ ਲੈਣਗੇ ਪਰ 4 ਵਜੇ ਦੇ ਕਰੀਬ ਗੇਟ ਦੇ ਕੋਲ ਨਿਸ਼ਾਨ ਸਾਹਿਬ ਲਿਆਂਦਾ ਗਿਆ। ਉਹ ਪੁਲਿਸ ਵਾਲਿਆਂ ਨਾਲ ਬਹਿਸ ਕਰਨ ਲੱਗੇ। ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਸਿੱਖਾਂ ਨੇ ਗੁਰਦੁਆਰੇ ਦੇ ਬਾਹਰ ਲੱਗੀ ਬੈਰੀਕੇਡਿੰਗ ਤੋੜ ਦਿਤੀ। ਜਦੋਂ ਪੁਲਿਸ ਨੇ ਸਿੱਖਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ’ਤੇ ਵੀ ਹਮਲਾ ਕਰ ਦਿਤਾ ਗਿਆ ਜਿਸ ਵਿਚ ਚਾਰ ਪੁਲਿਸ ਵਾਲੇ ਜ਼ਖ਼ਮੀ ਹੋ ਗਏ।
Nanded gurudwara
ਚਾਰ ’ਚੋਂ ਇਕ ਕਾਂਸਟੇਬਲ ਦੀ ਹਾਲਤ ਗੰਭੀਰ ਹੈ ਅਤੇ ਪੁਲਿਸ ਦੀਆਂ 6 ਗੱਡੀਆਂ ਨੂੰ ਵੀ ਭੀੜ ਨੇ ਨੁਕਸਾਨ ਪਹੁੰਚਾਇਆ ਹੈ। ਪੁਲਿਸ ਨੇ ਕੋਰੋਨਾ ਪਾਬੰਦੀਆਂ ਨੂੰ ਤੋੜਨ, ਪੁਲਿਸ ਵਾਲਿਆਂ ’ਤੇ ਹਮਲਾ ਕਰਨ ਦੇ ਦੋਸ਼ ’ਚ ਕਰੀਬ 500 ਸਿੱਖਾਂ ਵਿਰੁਧ ਧਾਰਾ 307,324,188,269 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।