
ਉਚਾਰਪੀ ਪਿੰਡ ਵਿਚ ਇਕ ਖੁੱਲੇ ਮੈਦਾਨ ਵਿਚ ਹਾਦਸਾਗ੍ਰਸਤ ਹੋਇਆ ਜਹਾਜ਼
ਮਹਿਸਾਨਾ : ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ’ਚ ਸੋਮਵਾਰ ਸ਼ਾਮ ਨੂੰ ਇਕ ਨਿੱਜੀ ਹਵਾਬਾਜ਼ੀ ਅਕੈਡਮੀ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਇਕ ਮਹਿਲਾ ਟ੍ਰੇਨੀ ਪਾਇਲਟ ਜ਼ਖ਼ਮੀ ਹੋ ਗਈ।
ਮਹਿਸਾਨਾ ਤਾਲੁਕਾ ਥਾਣੇ ਦੇ ਇੰਸਪੈਕਟਰ ਡੀ.ਜੀ. ਬਡਵਾ ਨੇ ਦਸਿਆ ਕਿ ਇਕ ਇੰਜਣ ਵਾਲਾ ਜਹਾਜ਼ ਕੁੱਝ ਤਕਨੀਕੀ ਕਾਰਨਾਂ ਕਰਕੇ ਮਹਿਸਾਨਾ ਕਸਬੇ ਦੇ ਨੇੜੇ ਉਚਾਰਪੀ ਪਿੰਡ ਵਿਚ ਇਕ ਖੁੱਲੇ ਮੈਦਾਨ ਵਿਚ ਹਾਦਸਾਗ੍ਰਸਤ ਹੋ ਗਿਆ।
ਇਕ ਅਧਿਕਾਰੀ ਨੇ ਦਸਿਆ ਕਿ ਮਹਿਸਾਨਾ ਹਵਾਈ ਅੱਡੇ ਤੋਂ ਇਕ ਮਹਿਲਾ ਟ੍ਰੇਨੀ ਪਾਇਲਟ ਨਾਲ ਉਡਾਣ ਭਰਨ ਤੋਂ ਬਾਅਦ ਇਕ ਹਵਾਬਾਜ਼ੀ ਅਕੈਡਮੀ ਦਾ ਟ੍ਰੇਨਰ ਜਹਾਜ਼ ਉਚਾਰਪੀ ਦੇ ਇਕ ਖੇਤ ਵਿਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ ਟ੍ਰੇਨੀ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਬਡਵਾ ਨੇ ਕਿਹਾ ਕਿ ਹਵਾਈ ਅੱਡੇ ਦੇ ਨਾਲ-ਨਾਲ ਹਵਾਬਾਜ਼ੀ ਅਧਿਕਾਰੀਆਂ ਨੂੰ ਘਟਨਾ ਦੀ ਅਗਲੇਰੀ ਜਾਂਚ ਤੋਂ ਬਾਅਦ ਹਾਦਸੇ ਬਾਰੇ ਸੂਚਿਤ ਕਰ ਦਿਤਾ ਗਿਆ ਹੈ।