
ਮੁੰਬਈ ਪੁਲਿਸ ਕਾਮਰਾ ਦੇ ਮਾਹਿਮ ਸਥਿਤ ਘਰ ਪਹੁੰਚੀ
ਮੁੰਬਈ : ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ‘ਗੱਦਾਰ’ ਟਿਪਣੀ ਕਰਨ ਦੇ ਮਾਮਲੇ ’ਚ ਸੋਮਵਾਰ ਨੂੰ ਖਾਰ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਏ, ਜਦਕਿ ਇਕ ਟੀਮ ਉਨ੍ਹਾਂ ਦੀ ਉਪਲਬਧਤਾ ਦੀ ਜਾਂਚ ਕਰਨ ਲਈ ਉਨ੍ਹਾਂ ਦੇ ਮਾਹਿਮ ਸਥਿਤ ਘਰ ਗਈ।
ਕਾਮੇਡੀਅਨ ਨੇ ਬਾਅਦ ’ਚ ਪੁਲਿਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਦੌਰਾ ਸਮੇਂ ਅਤੇ ਜਨਤਕ ਸਰੋਤਾਂ ਦੀ ਬਰਬਾਦੀ ਸੀ ਕਿਉਂਕਿ ਉਹ ਪਿਛਲੇ 10 ਸਾਲਾਂ ਤੋਂ ਉੱਥੇ ਨਹੀਂ ਰਹਿ ਰਹੇ ਹਨ। ਇਕ ਅਧਿਕਾਰੀ ਨੇ ਦਸਿਆ ਕਿ ਕਾਮਰਾ ਨੂੰ ਦਿਨ ’ਚ ਖਾਰ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਸੀ ਅਤੇ ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਕਿਹਾ, ‘‘ਖਾਰ ਪੁਲਿਸ ਦੀ ਇਕ ਟੀਮ ਮਾਹਿਮ ’ਚ ਉਸ ਦੇ ਘਰ ਗਈ, ਜਿੱਥੇ ਉਸ ਦਾ ਪਰਵਾਰ ਰਹਿੰਦਾ ਹੈ, ਇਹ ਜਾਂਚ ਕਰਨ ਲਈ ਕਿ ਕੀ ਉਹ ਇਸ ਕੇਸ ਦੇ ਸਬੰਧ ’ਚ ਪੇਸ਼ ਹੋਵੇਗਾ ਜਾਂ ਨਹੀਂ। ਕਿਉਂਕਿ ਉਹ ਪੇਸ਼ ਨਹੀਂ ਹੋਇਆ, ਇਸ ਲਈ ਅਗਲੇਰੀ ਕਾਰਵਾਈ ਦਾ ਫੈਸਲਾ ਜਲਦੀ ਹੀ ਕੀਤਾ ਜਾਵੇਗਾ।’’
ਕਾਮਰਾ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਅਜਿਹੇ ਪਤੇ ’ਤੇ ਜਾਣਾ ਜਿੱਥੇ ਮੈਂ ਪਿਛਲੇ 10 ਸਾਲਾਂ ਤੋਂ ਨਹੀਂ ਰਿਹਾ, ਤੁਹਾਡੇ ਸਮੇਂ ਅਤੇ ਜਨਤਕ ਸਰੋਤਾਂ ਦੀ ਬਰਬਾਦੀ ਹੈ।’’ ਉਨ੍ਹਾਂ ਦੀ ਪੇਸ਼ੀ ਲਈ ਪਹਿਲਾ ਨੋਟਿਸ ਪਿਛਲੇ ਹਫਤੇ ਜਾਰੀ ਕੀਤਾ ਗਿਆ ਸੀ ਅਤੇ ਕਾਮੇਡੀਅਨ ਦੀ ਸੱਤ ਦਿਨਾਂ ਦੇ ਸਮੇਂ ਦੀ ਬੇਨਤੀ ਨੂੰ ਪੁਲਿਸ ਨੇ ਰੱਦ ਕਰ ਦਿਤਾ ਸੀ।
ਮਦਰਾਸ ਹਾਈ ਕੋਰਟ ਨੇ 28 ਮਾਰਚ ਨੂੰ ਕਾਮਰਾ ਨੂੰ ਇਸ ਸ਼ਰਤ ’ਤੇ ਅੰਤਰਿਮ ਅਗਾਊਂ ਜ਼ਮਾਨਤ ਦਿਤੀ ਸੀ ਕਿ ਉਹ ਤਾਮਿਲਨਾਡੂ ਦੇ ਵਿਲੂਪੁਰਮ ਜ਼ਿਲ੍ਹੇ ਦੇ ਵਨੂਰ ’ਚ ਜੁਡੀਸ਼ੀਅਲ ਮੈਜਿਸਟਰੇਟ ਦੀ ਸੰਤੁਸ਼ਟੀ ਲਈ ਬਾਂਡ ਜਾਰੀ ਕਰਨਗੇ। ਕਾਮਰਾ ਨੇ ਕਿਹਾ ਸੀ ਕਿ ਉਹ 2021 ਵਿਚ ਮੁੰਬਈ ਤੋਂ ਤਾਮਿਲਨਾਡੂ ਚਲੇ ਗਏ ਸਨ ਅਤੇ ਉਦੋਂ ਤੋਂ ਆਮ ਤੌਰ ’ਤੇ ਇਸ ਰਾਜ (ਤਾਮਿਲਨਾਡੂ) ਦੇ ਵਸਨੀਕ ਹਨ ਅਤੇ ਉਨ੍ਹਾਂ ਨੂੰ ਮੁੰਬਈ ਪੁਲਿਸ ਵਲੋਂ ਗ੍ਰਿਫਤਾਰੀ ਦਾ ਡਰ ਹੈ।
ਪਿਛਲੇ ਹਫਤੇ ਨਾਸਿਕ ਦਿਹਾਤੀ, ਜਲਗਾਓਂ ਅਤੇ ਨਾਸਿਕ (ਨੰਦਗਾਓਂ) ’ਚ ਉਸ ਦੇ ਵਿਰੁਧ ਤਿੰਨ ਐਫ.ਆਈ.ਆਰ. ਖਾਰ ਥਾਣੇ ’ਚ ਤਬਦੀਲ ਕਰ ਦਿਤੀਆਂ ਗਈਆਂ ਸਨ, ਜਿੱਥੇ ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ’ਤੇ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।
ਉਹ ਸਟੂਡੀਓ ਜਿੱਥੇ ਕਾਮਰਾ ਨੇ ਸ਼ਿਵ ਸੈਨਾ ’ਚ ਵੰਡ ਨੂੰ ਲੈ ਕੇ ਸ਼ਿੰਦੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਣਾ ਵੀਡੀਉ ਸ਼ੂਟ ਕੀਤਾ ਸੀ, ਮਹਾਨਗਰ ਦੇ ਪਛਮੀ ਹਿੱਸੇ ਦੇ ਖਾਰ ’ਚ ਸਥਿਤ ਹੈ। ਸ਼ਿਵ ਸੈਨਿਕਾਂ ਨੇ 23 ਮਾਰਚ ਦੀ ਰਾਤ ਨੂੰ ਸਟੂਡੀਓ ਅਤੇ ਹੋਟਲ ’ਚ ਭੰਨਤੋੜ ਕੀਤੀ ਸੀ ਜਿਸ ’ਚ ਇਹ ਸਥਿਤ ਹੈ।