
ਕੋਰੋਨਾ ਦੇ ਮਾਮਲੇ ਵਧਦੇ ਜਾਣ ਦੌਰਾਨ
ਨਵੀਂ ਦਿੱਲੀ/ਚੰਡੀਗੜ੍ਹ, 30 ਮਈ (ਗੁਰਉਪਦੇਸ਼ ਭੁੱਲਰ, ਪੀਟੀਆਈ): ਕੇਦਰੀ ਗ੍ਰਹਿ ਮੰਤਰਾਲਾ ਨੇ ਸਨਿਚਰਵਾਰ ਨੂੰ ਦੇਸ਼ ਦੇ ਪਾਬੰਦੀਸ਼ੁਦਾ ਖੇਤਰਾਂ ’ਚ ਦੇਸ਼ਪਧਰੀ ਤਾਲਾਬੰਦੀ 30 ਜੂਨ ਤਕ ਵਧਾਉਣ ਦਾ ਐਲਾਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਅੱਠ ਜੂਨ ਤੋਂ ਮਹਿਮਾਨਨਿਵਾਜ਼ੀ (ਹੋਸਪੀਟੈਲਿਟੀ) ਸੇਵਾਵਾਂ, ਹੋਟਲ ਅਤੇ ਸ਼ਾਪਿੰਗ ਮਾਲ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
Captain Amarinder Singh
ਪਰ ਇਸ ਦੇ ਉਲਟ ਪੰਜਾਬ ਸਰਕਾਰ ਨੇ ਫ਼ਿਲਹਾਲ 30 ਜੂਨ ਤਕ ਤਾਲਾਬੰਦੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਦੀ ਕਮੇਟੀ ਨਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਨਵੀਆਂ ਹਦਾਇਤਾਂ ਦਾ ਗਹਿਰਾਈ ’ਚ ਅਧਿਐਨ ਕਰ ਕੇ ਹੋਰ ਛੋਟਾਂ ਦੇਣ ਦਾ ਫ਼ੈਸਲਾ ਕੀਤਾ ਜਾਵੇਗਾ।
Lockdown
ਮੁੱਖ ਮੰਤਰੀ ਨੇ ਫ਼ੇਸਬੁੱਕ ਰਾਹੀਂ ਲੋਕਾਂ ਨਾਲ ਸਿੱਧੇ ਤੌਰ ’ਤੇ ਸਵਾਲ-ਜਵਾਬ ਦੇ ਪ੍ਰੋਗਰਾਮ ’ਚ ਵੀ ਸ਼ਾਮਲ ਹੁੰਦਿਆਂ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਪਾਬੰਦੀਆ ਜਾਰੀ ਰੱਖਣ ਦੇ ਸੰਕੇਤ ਦਿਤੇ ਹਨ। ਉਨ੍ਹਾਂ ਕੋਰੋਨਾ ਸਾਵਧਾਨੀ ਦੇ ਨਿਯਮਾਂ ਦੀ ਉਲੰਘਣਾ ’ਤੇ ਵੀ ਹੋਰ ਸਖ਼ਤੀ ਦੀ ਗੱਲ ਆਖੀ ਹੈ। ਜਦਕਿ ਕੇਂਦਰ ਸਰਕਾਰ ਨੇ ਤਾਲਾਬੰਦੀ ’ਚ ਹੋਰ ਜ਼ਿਆਦਾ ਛੋਟ ਸਬੰਧੀ ਸਨਿਚਰਵਾਰ ਨੂੰ ਜਾਰੀ ਕੀਤੀਆਂ ਹਦਾਇਤਾਂ ਨੂੰ ਤਾਲਾਬੰਦੀ ਹਟਾਉਣ ਦਾ ਪਹਿਲਾ ਗੇੜ (ਅਨਲਾਕ 1) ਦਸਿਆ ਹੈ। ਦੇਸ਼ ਅੰਦਰ 25 ਮਾਰਚ ਤੋਂ ਜਾਰੀ ਦੇਸ਼ਪਧਰੀ ਤਾਲਾਬੰਦੀ ਦਾ ਚੌਥਾ ਗੇੜ 31 ਮਈ ਨੂੰ ਖ਼ਤਮ ਹੋ ਰਿਹਾ ਹੈ।
Union Home Ministry
ਨਵੀਂ ਹਦਾਇਤਾਂ ’ਚ ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਪਾਬੰਦੀਸ਼ੁਦਾ ਖੇਤਰਾਂ ਤੋਂ ਬਾਹਰ ਜਿਨ੍ਹਾਂ ਗਤੀਵਿਧੀਆਂ ’ਤੇ ਪਾਬੰਦੀ ਲਾਈ ਗਈ ਸੀ ਉਨ੍ਹਾਂ ਨੂੰ ਇਕ ਜੂਨ ਤੋਂ ਲੜੀਬੱਧ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ’ਚ ਕਿਹਾ ਗਿਆ ਹੈ ਕਿ ਤਾਲਾਬੰਦੀ, ਜਿਸ ਦਾ ਚੌਥਾ ਗੇੜ ਐਤਵਾਰ ਨੂੰ ਖ਼ਤਮ ਹੋ ਰਿਹਾ ਹੈ, ਪਾਬੰਦੀਸ਼ੁਦਾ ਖੇਤਰਾਂ ’ਚ 30 ਜੂਨ ਤਕ ਅਸਰਦਾਰ ਰਹੇਗੀ। ਹਦਾਇਤਾਂ ’ਚ ਕਿਹਾ ਗਿਆ ਹੈ ਕਿ ਜਨਤਕ ਧਾਰਮਕ ਅਸਥਾਨਾਂ, ਹੋਟਲਾਂ, ਰੇਸਤਰਾਂ, ਸ਼ਾਪਿੰਗ ਮਾਲ ਅਤੇ ਹੋਰ ਮਹਿਮਾਨਨਿਵਾਜ਼ੀ ਸੇਵਾਵਾਂ ਵੀ ਅੱਠ ਜੂਨ ਤੋਂ ਸ਼ੁਰੂ ਹੋ ਜਾਣਗੀਆਂ।
File Photo
ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ’ਚ ਕਿਹਾ ਗਿਆ ਹੈ ਕਿ ਕੌਮਾਂਤਰੀ ਹਵਾਈ ਯਾਤਰਾ, ਮੈਟਰੋ ਰੇਲ ਗੱਡੀਆਂ, ਸਿਨੇਮਾ ਹਾਲ, ਜਿਮ, ਸਿਆਸੀ ਸਭਾਵ ਆਦਿ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਹਾਲਾਤ ਨੂੰ ਵੇਖ ਕੇ ਬਾਅਦ ’ਚ ਕੀਤਾ ਜਾਵੇਗਾ। ਹਦਾਇਤਾਂ ’ਚ ਕਿਹਾ ਗਿਆ ਹੈ ਕਿ ਸਕੂਲਾਂ, ਕਾਲਜਾਂ, ਵਿੱਦਿਅਕ ਸੰਸਥਾਵਾਂ, ਸਿਖਲਾਈ ਅਤੇ ਕੋਚਿੰਗ ਸੰਸਥਾਵਾਂ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਲਾਹ ਮਗਰੋਂ ਖੋਲਿ੍ਹਆ ਜਾਵੇਗਾ।
Lockdown
ਹਦਾਇਤਾਂ ’ਚ ਕਿਹਾ ਗਿਆ ਹੈ ਕਿ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਦਿਅਕ ਅਦਾਰਿਆਂ ਨੂੰ ਜੁਲਾਈ ਤੋਂ ਖੋਲ੍ਹਣ ਬਾਬਤ ਮਾਪਿਆਂ ਅਤੇ ਹੋਰ ਸਬੰਧਤ ਲੋਕਾਂ ਨਾਲ ਚਰਚਾ ਕਰ ਸਕਦੇ ਹਨ। ਅੱਜ ਹਦਾਇਤਾਂ ’ਚ ਕਰਫ਼ੀਊ ਦਾ ਸਮਾਂ ਵੀ ਬਦਲ ਕੇ ਰਾਤ 9 ਵਜੇ ਤੋਂ ਸਵੇਰੇ ਪੰਜ ਵਜੇ ਤਕ ਕਰ ਦਿਤਾ ਗਿਆ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨਾਲ ਜੁੜ ਲੋਕਾਂ ਤੋਂ ਇਲਾਵਾ ਦੇਸ਼ ਭਰ ’ਚ ਹੋਰ ਲੋਕਾਂ ਦੇ ਬਾਹਰ ਨਿਕਲਣ ’ਤੇ ਪਾਬੰਦੀ ਰਹੇਗੀ।
captain amrinder singh
ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਕੋਰੋਨਾ ਦੀ ਸਥਿਤੀ ਦੇ ਜਾਇਜ਼ੇ ਲਈ ਕੀਤੀ ਮੀਟਿੰਗ ’ਚ ਮੰਤਰੀਆ ਭਾਰਤ ਭੂਸ਼ਣ ਆਸ਼ੂ, ਬਲਵੀਰ ਸਿੰਘ ਸਿੱਧੂ ਤੇ ਤਿ੍ਰਪਤ ਰਾਜਿੰਦਰ ਬਾਜਵਾ ਨਾਲ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਥਿਤੀ ਦੇ ਮੱਦੇਨਜ਼ਰ ਮਾਹਰ ਕਮੇਟੀ ਹਾਲੇ ਮਾਲ ਅਤੇ ਹੋਟਲ, ਰੇਸਤਰਾਂ ਵਗੈਰਾ ਖੋਲ੍ਹਣ ਦੇ ਹੱਕ ’ਚ ਨਹੀਂ ਹੈ। ਇਸੇ ਤਰ੍ਹਾਂ ਧਾਰਮਕ ਅਸਕਾਨ ਬਾਰੇ ਵੀ ਸੋਚ-ਸਮਝ ਕੇ ਫ਼ੈਸਲਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਗ਼ਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਮਾਸਕ ਵੰਡਣ ਦੇ ਵੀ ਹੁਕਮ ਦਿਤੇ ਹਨ।
NRIs
ਇਸੇ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਨਿਜੀ ਬੱਸਾਂ ਦੇ ਚੱਲਣ ਉਤੇ ਕੋਈ ਰੋਕ ਨਹੀਂ ਅਤੇ ਬੱਸ ਸੇਵਾ ਦਾ ਹੋਰ ਰੂਟਾਂ ’ਤੇ ਵਿਸਥਾਰ ਕੀਤਾ ਜਾ ਰਿਹਾ ਹੈ। 1 ਜੂਨ ਤੋਂ ਹੋਰ ਵਧੇਰੇ ਰੂਟਾਂ ’ਤੇ ਸਰਕਾਰੀ ਬੱਸਾਂ ਚਲਣਗੀਆਂ। ਇੰਡਸਟਰੀ ਨੂੰ ਵੀ ਵਧੇਰੇ ਛੋਟਾਂ ਦਿਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ’ਚ ਹਜ਼ਾਰਾਂ ਐਨ.ਆਰ.ਆਈ. ਅਤੇ ਬਾਹਰੇ ਰਾਜਾਂ ਤੋਂ ਲੋਕ ਆ ਰਹੇ ਹਨ ਜਿਸ ਕਰ ਕੇ ਸਾਨੂੰ ਕੇਂਦਰੀ ਛੋਟਾਂ ’ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਸੂਬੇ ਦੀ ਸਥਿਤੀ ਮੁਤਾਬਕ ਫ਼ੈਸਲੇ ਲੈਣ ਪੈਣਗੇ।
Central Government of India
ਕੇਂਦਰ ਸਰਕਾਰ ਦੀਆਂ ਹਦਾਇਤਾਂ
ਧਾਰਮਕ ਅਸਥਾਨ, ਹੋਟਲ, ਰੇਸਤਰਾਂ, ਸ਼ਾਪਿੰਗ ਮਾਲ 8 ਜੂਨ ਤੋਂ ਖੁੱਲ੍ਹਣਗੇ
ਸਿਰਫ਼ ਪਾਬੰਦੀਸ਼ੁਦਾ ਖੇਤਰਾਂ ’ਚ 30 ਜੂਨ ਤਕ ਰਹੇਗੀ ਤਾਲਾਬੰਦੀ-5
ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਪਾਬੰਦੀਸ਼ੁਦਾ ਖੇਤਰਾਂ ਦੀ ਪਛਾਣ
ਹੁਣ 9 ਵਜੇ ਤੋਂ ਸਵੇਰੇ ਪੰਜ ਵਜੇ ਤਕ ਰਹੇਗਾ ਕਰਫ਼ੀਊ, ਲੋਕਾਂ ਦੇ ਘੁੰਮਣ-ਫਿਰਨ ’ਤੇ ਪਾਬੰਦੀ
ਕੌਮਾਂਤਰੀ ਹਵਾਈ ਯਾਤਰਾ, ਮੈਟਰੋ ਰੇਲ ਗੱਡੀ, ਸਿਨੇਮਾ ਹਾਲ, ਜਿਮ, ਸਿਆਸੀ ਰੈਲੀਆਂ ਆਦਿ ’ਤੇ ਫ਼ੈਸਲਾ ਸਥਿਤੀ ਵੇਖਣ ਮਗਰੋਂ ਕੀਤਾ ਜਾਵੇਗਾ
ਮਾਪਿਆਂ ਨਾਲ ਗੱਲਬਾਤ ਮਗਰੋਂ ਸੂਬਾ ਸਰਕਾਰਾਂ ਜੁਲਾਈ ਤੋਂ ਖੋਲ੍ਹ ਸਕਦੀਆਂ ਹਨ ਸਕੂਲ