
ਕੇਜਰੀਵਾਲ ਨੇ ਕਿਹਾ, ''ਮੈਂ ਖੁਦ ਇਸ ਮਾਮਲੇ ਦੇ ਦਸਤਾਵੇਜ਼ ਦੇਖੇ ਹਨ, ਇਹ ਪੂਰਾ ਮਾਮਲਾ ਫਰਜ਼ੀ ਹੈ"।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰੀ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੇਜਰੀਵਾਲ ਨੇ ਕਿਹਾ, ''ਮੈਂ ਖੁਦ ਇਸ ਮਾਮਲੇ ਦੇ ਦਸਤਾਵੇਜ਼ ਦੇਖੇ ਹਨ, ਇਹ ਪੂਰਾ ਮਾਮਲਾ ਫਰਜ਼ੀ ਹੈ। ਜੇਕਰ ਇਕ ਫੀਸਦੀ ਵੀ ਦੋਸ਼ ਸੱਚ ਹੁੰਦੇ ਤਾਂ ਮੈਂ ਕਾਫੀ ਪਹਿਲਾਂ ਕਾਰਵਾਈ ਕਰ ਲੈਂਦਾ।''
Delhi minister Satyendra Jain sent to Enforcement Directorate custody
ਦਰਅਸਲ ਈਡੀ ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਬਾਰੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ''ਇਹ ਪੂਰੀ ਤਰ੍ਹਾਂ ਫਰਜ਼ੀ ਮਾਮਲਾ ਹੈ। ਸਾਡੀ ਸਰਕਾਰ ਪੂਰੀ ਇਮਾਨਦਾਰ ਸਰਕਾਰ ਹੈ। ਇਹ ਕੱਟੜ ਇਮਾਨਦਾਰ ਪਾਰਟੀ ਹੈ। ਅਸੀਂ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਨਹੀਂ ਕਰਦੇ ਅਤੇ ਨਾ ਹੀ ਇਸ ਨੂੰ ਬਰਦਾਸ਼ਤ ਕਰਦੇ ਹਾਂ”।
ਕੇਜਰੀਵਾਲ ਨੇ ਕਿਹਾ ਕਿ ਹਾਲ ਹੀ ਵਿਚ ਪੰਜਾਬ ਵਿਚ ਇਕ ਮੰਤਰੀ ਦੀ ਆਡੀਓ ਰਿਕਾਰਡਿੰਗ ਸੀ ਅਤੇ ਕਿਸੇ ਏਜੰਸੀ, ਵਿਰੋਧੀ ਧਿਰ ਜਾਂ ਮੀਡੀਆ ਨੂੰ ਇਸ ਬਾਰੇ ਪਤਾ ਨਹੀਂ ਸੀ, ਅਸੀਂ ਚਾਹੁੰਦੇ ਤਾਂ ਇਸ ਨੂੰ ਦਬਾ ਸਕਦੇ ਸੀ ਪਰ ਅਸੀਂ ਖੁਦ ਉਸ ਮੰਤਰੀ ਵਿਰੁੱਧ ਕਾਰਵਾਈ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰਵਾਇਆ।
ਮੁੱਖ ਮੰਤਰੀ ਨੇ ਕਿਹਾ, ''ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਉਹਨਾਂ ਨੇ ਮੇਰੇ ਅਤੇ ਮੇਰੇ ਕਈ ਵਿਧਾਇਕਾਂ 'ਤੇ ਕੇਸ ਦਰਜ ਕੀਤੇ। ਸਤੇਂਦਰ ਜੈਨ ਵੀ ਬੇਦਾਗ ਸਾਬਤ ਹੋਣਗੇ”।
ਕੇਜਰੀਵਾਲ ਨੇ ਕਿਹਾ, "5 ਸਾਲ ਪਹਿਲਾਂ ਦਿੱਲੀ ਵਿਚ ਅਜਿਹਾ ਹੀ ਕੁਝ ਹੋਇਆ ਸੀ। ਸਾਡੇ ਇਕ ਮੰਤਰੀ ਦੀ ਆਡੀਓ ਰਿਕਾਰਡਿੰਗ ਮਿਲੀ ਸੀ। ਮੈਂ ਉਸ ਨੂੰ ਮੰਤਰਾਲੇ ਤੋਂ ਬਰਖਾਸਤ ਕਰ ਦਿੱਤਾ ਸੀ ਅਤੇ ਸੀਬੀਆਈ ਨੂੰ ਵੀ ਲਿਖਿਆ ਸੀ। ਅਸੀਂ ਕਿਸੇ ਏਜੰਸੀ ਦਾ ਇੰਤਜ਼ਾਰ ਨਹੀਂ ਕਰਦੇ, ਅਸੀਂ ਕਾਰਵਾਈ ਕਰਦੇ ਹਾਂ। ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਬਹੁਤ ਸਾਰੀਆਂ ਕੇਂਦਰੀ ਏਜੰਸੀਆਂ ਕਾਰਵਾਈ ਕਰਦੀਆਂ ਹਨ। ਉਹ ਰਾਜਨੀਤੀ ਤੋਂ ਪ੍ਰੇਰਿਤ ਹਨ, ਇਸ ਲਈ ਮੈਂ ਨਿੱਜੀ ਤੌਰ 'ਤੇ ਸਤੇਂਦਰ ਜੈਨ ਜੀ ਦੇ ਕੇਸ ਦਾ ਅਧਿਐਨ ਕੀਤਾ, ਇਹ ਪੂਰੀ ਤਰ੍ਹਾਂ ਫਰਜ਼ੀ ਕੇਸ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਮਾਤਮਾ ਸਾਡੇ ਨਾਲ ਹੈ ਅਤੇ ਸਾਨੂੰ ਦੇਸ਼ ਦੀ ਨਿਆਂਪਾਲਿਕਾ 'ਤੇ ਭਰੋਸਾ ਹੈ ਅਤੇ ਨਿਆਂਪਾਲਿਕਾ ਇਨਸਾਫ਼ ਕਰੇਗੀ।