
ਐਨ.ਆਈ.ਏ. ਅਤੇ ਝਾਰਖੰਡ ਪੁਲਿਸ ਨੇ ਸਾਂਝੀ ਮੁਹਿੰਮ ਦੌਰਾਨ ਕੀਤੀ ਕਾਰਵਾਈ
ਨਵੀਂ ਦਿੱਲੀ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਪੀਪਲਜ਼ ਲਿਬਰੇਸ਼ਨ ਫ਼ਰੰਟ ਨਾਲ ਜੁੜੇ ਅਤਿਵਾਦੀ ਫ਼ੰਡਿੰਗ ਮਾਮਲੇ ਦੇ ਸਬੰਧ ਵਿਚ ਪਿਛਲੇ ਦੋ ਦਿਨਾਂ ਵਿਚ ਝਾਰਖੰਡ ਤੋਂ ਵਿਸਫ਼ੋਟਕਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਏਜੰਸੀ ਦੇ ਬੁਲਾਰੇ ਨੇ ਦਸਿਆ ਕਿ ਛਾਪੇਮਾਰੀ ਝਾਰਖੰਡ ਪੁਲਿਸ ਦੇ ਤਾਲਮੇਲ ਨਾਲ ਕੀਤੀ ਗਈ ਸੀ।
ਝਾਰਖੰਡ ਦੇ ਖੁੰਟੀ, ਗੁਮਲਾ ਅਤੇ ਸਿਮਡੇਗਾ ਜ਼ਿਲ੍ਹਿਆਂ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ ਪੀ.ਐਲ.ਐਫ਼.ਆਈ. ਦੇ ਸਵੈ-ਸਟਾਇਲ ਮੁਖੀ ਦਿਨੇਸ਼ ਗੋਪ ਦੁਆਰਾ ਖ਼ੁਲਾਸਾ ਕੀਤੇ ਜਾਣ ਤੋਂ ਬਾਅਦ ਇਹ ਜ਼ਬਤੀ ਕੀਤੇ ਗਏ ਸਨ। ਗੋਪ ਨੂੰ 21 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੁਲਾਰੇ ਨੇ ਦਸਿਆ ਕਿ ਐਨ.ਆਈ.ਏ. ਅਤੇ ਝਾਰਖੰਡ ਪੁਲਿਸ ਨੇ ਸੋਮਵਾਰ ਨੂੰ ਖੁੰਟੀ ਦੇ ਰਾਨੀਆ ਥਾਣਾ ਖੇਤਰ ਦੇ ਅਧੀਨ ਝਰਯਾਟੋਲੀ ਤੋਂ ਲਗਭਗ 62.3 ਕਿਲੋ ਜੈਲੇਟਿਨ ਅਤੇ 732 ਕਾਰਤੂਸ ਬਰਾਮਦ ਕੀਤੇ।
ਇਹ ਵੀ ਪੜ੍ਹੋ: ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ : ਹਰਭਜਨ ਸਿੰਘ ਈ.ਟੀ.ਓ.
ਉਨ੍ਹਾਂ ਨੇ ਦਸਿਆ ਕਿ ਉਸੇ ਦਿਨ ਗੁਮਲਾ ਦੇ ਕਮਦਾਰਾ ਇਲਾਕੇ ਦੇ ਕਿਸਨੀ ਪਿੰਡ ਤੋਂ ਇਕ ਪਿਸਤੌਲ ਅਤੇ ਕਈ ਕਾਰਤੂਸ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ ਮੰਗਲਵਾਰ ਨੂੰ ਸਿਮਡੇਗਾ ਦੇ ਮਹਾਬੁਆਂਗ ਥਾਣਾ ਖੇਤਰ ਦੇ ਅਧੀਨ ਮਹੂਆਟੋਲੀ ਦੀ ਪਹਾੜੀ ਤੋਂ ਦੋ ਆਈ.ਈ.ਡੀ. ਬਰਾਮਦ ਕੀਤੇ ਗਏ।
ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਇਹ ਤੀਜਾ ਦੌਰਾ ਸੀ। ਐਨ.ਆਈ.ਏ. ਮੁਤਾਬਕ ਗੋਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਦੀ ਲਗਾਤਾਰ ਜਾਂਚ ਦੇ ਨਤੀਜੇ ਵਜੋਂ 26 ਮਈ ਨੂੰ ਵੀ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ, ਐਨ.ਆਈ.ਏ. ਨੇ ਪਾਬੰਦੀਸ਼ੁਦਾ ਮਾਓਵਾਦੀ ਸੰਗਠਨ ਪੀ.ਐਲ.ਐਫ਼.ਆਈ. ਦੇ ਮੈਂਬਰਾਂ ਤੋਂ 25.38 ਲੱਖ ਰੁਪਏ ਦੇ ਪੁਰਾਣੇ ਨੋਟਾਂ ਦੀ ਬਰਾਮਦਗੀ ਦੇ ਸਬੰਧ ਵਿਚ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਦੇ ਗੋਪ ਉਰਫ਼ ਕੁਲਦੀਪ ਯਾਦਵ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਸੀ।
ਗੋਪ ਲੰਬੇ ਸਮੇਂ ਤੋਂ ਫ਼ਰਾਰ ਸੀ ਅਤੇ ਉਸ ਨੂੰ 21 ਮਈ ਨੂੰ NIA ਨੇ ਫੜ ਲਿਆ ਸੀ। 22 ਮਈ ਨੂੰ ਵਿਸ਼ੇਸ਼ ਅਦਾਲਤ ਨੇ ਉਸ ਨੂੰ ਐਨ.ਆਈ.ਏ. ਦੀ ਹਿਰਾਸਤ ਵਿਚ ਭੇਜ ਦਿੱਤਾ ਸੀ। ਝਾਰਖੰਡ ਸਰਕਾਰ ਵਲੋਂ ਐਲਾਨੇ 25 ਲੱਖ ਰੁਪਏ ਦੇ ਇਨਾਮ ਤੋਂ ਇਲਾਵਾ ਐਨ.ਆਈ.ਏ. ਨੇ ਗੋਪ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।ਐਨ.ਆਈ.ਏ. ਦੀ ਜਾਂਚ ਦੇ ਅਨੁਸਾਰ, ਗੋਪ ਕਾਰੋਬਾਰੀਆਂ, ਠੇਕੇਦਾਰਾਂ ਅਤੇ ਆਮ ਲੋਕਾਂ ਨੂੰ ਡਰਾਉਣ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਪੀ.ਐਲ.ਐਫ਼.ਆਈ. ਟੀਮ ਦੇ ਮੈਂਬਰਾਂ ਦੁਆਰਾ ਹਮਲਿਆਂ ਦਾ ਆਯੋਜਨ ਕਰਦਾ ਸੀ।