
ਇਸ ਤੋਂ ਬਾਅਦ ਉਹ ਵਿਰੋਧੀ ਧਿਰ ਭਾਜਪਾ ਦੇ ਨਿਸ਼ਾਨੇ 'ਤੇ ਹਨ
ਵਾਸ਼ਿੰਗਟਨ - ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ 'ਤੇ ਹਨ। ਮੰਗਲਵਾਰ ਨੂੰ ਉਹ ਅਮਰੀਕਾ ਦੇ ਤਿੰਨ ਸ਼ਹਿਰਾਂ ਦੇ ਦੌਰੇ ਲਈ ਸਾਨ ਫਰਾਂਸਿਸਕੋ ਪਹੁੰਚੇ, ਜਿੱਥੇ ਭਾਰਤੀ ਭਾਈਚਾਰੇ ਦੀਆਂ ਔਰਤਾਂ ਨੇ ਤਿਲਕ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਹਨਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਕਾਰਕੁੰਨਾਂ ਅਤੇ ਸਿੱਖਿਆ ਸ਼ਾਸਤਰੀਆਂ ਨਾਲ ਗੱਲਬਾਤ ਕੀਤੀ।
ਰਾਹੁਲ ਨੇ ਸੈਨ ਫਰਾਂਸਿਸਕੋ ਵਿਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਸੰਬੋਧਨ ਕੀਤਾ। ਸੰਬੋਧਨ ਦੌਰਾਨ ਕੁਝ ਲੋਕਾਂ ਨੇ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਆਪਣਾ ਭਾਸ਼ਣ ਰੋਕਣਾ ਪਿਆ। ਦਰਅਸਲ ਰਾਹੁਲ ਸੈਨ ਫਰਾਂਸਿਸਕੋ ਵਿਚ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਕੁਝ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਉਹਨਾਂ ਨੇ ਕਿਹੜੇ ਨਾਅਰੇ ਲਗਾਏ, ਵੀਡੀਓ 'ਚ ਸਪੱਸ਼ਟ ਤੌਰ 'ਤੇ ਸੁਣਾਈ ਨਹੀਂ ਦਿੱਤਾ ਪਰ ਇਕ ਵਿਅਕਤੀ ਨੂੰ 'ਇੰਦਰਾ ਗਾਂਧੀ...' ਕਹਿੰਦੇ ਸੁਣਿਆ ਜਾ ਸਕਦਾ ਹੈ।
ਜਦੋਂ ਨਾਅਰੇਬਾਜ਼ੀ ਕੀਤੀ ਗਈ ਤਾਂ ਰਾਹੁਲ ਗਾਂਧੀ ਨੂੰ ਆਪਣਾ ਭਾਸ਼ਣ ਰੋਕਣਾ ਪਿਆ। ਜਵਾਬ ਵਿਚ ਉਸ ਨੇ ਪਹਿਲਾਂ ਕਿਹਾ, ਵੈਲਕਮ। ਜਦੋਂ ਨਾਅਰੇਬਾਜ਼ੀ ਤੇਜ਼ ਹੋਈ ਤਾਂ ਰਾਹੁਲ ਗਾਂਧੀ ਨੇ ਕਿਹਾ, 'ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ'। ਇਸ ਤੋਂ ਬਾਅਦ ਹਾਲ 'ਚ 'ਭਾਰਤ ਜੋੜੋ' ਦੇ ਨਾਅਰੇ ਲੱਗੇ ਅਤੇ ਰਾਹੁਲ ਗਾਂਧੀ ਨੇ ਫਿਰ ਬੋਲਣਾ ਸ਼ੁਰੂ ਕੀਤਾ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਅਜਿਹੇ ਲੋਕ ਹਨ ਜੋ ਸੋਚਦੇ ਹਨ ਕਿ ਉਹ ਰੱਬ ਤੋਂ ਵੱਧ ਜਾਣਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੀ ਇੱਕ "ਉਦਾਹਰਣ" ਹਨ। ਸੰਤਾ ਕਲਾਰਾ, ਕੈਲੀਫੋਰਨੀਆ, ਯੂਐਸਏ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਦੁਆਰਾ ਆਯੋਜਿਤ 'ਮੁਹੱਬਤ ਕੀ ਦੁਕਾਨ' ਸਮਾਗਮ ਵਿਚ ਬੋਲਦਿਆਂ, ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਜਾਣਦੇ ਹਨ, ਇਹ ਲੋਕ ਇਤਿਹਾਸਕਾਰਾਂ ਨੂੰ ਇਤਿਹਾਸ, ਵਿਗਿਆਨੀਆਂ ਨੂੰ ਵਿਗਿਆਨ ਅਤੇ ਫੌਜ ਨੂੰ ਯੁੱਧ ਕਿਵੇਂ ਲੜਨਾ ਹੈ, ਬਾਰੇ ਦੱਸ ਸਕਦੇ ਹਨ।
ਉਹਨਾਂ ਕਿਹਾ, “ਸੰਸਾਰ ਇੰਨਾ ਵੱਡਾ ਅਤੇ ਗੁੰਝਲਦਾਰ ਹੈ ਕਿ ਕੋਈ ਵੀ ਵਿਅਕਤੀ ਸਭ ਕੁਝ ਨਹੀਂ ਜਾਣ ਸਕਦਾ। ਇਹ ਇੱਕ ਬਿਮਾਰੀ ਹੈ... ਭਾਰਤ ਵਿਚ ਲੋਕਾਂ ਦਾ ਇੱਕ ਸਮੂਹ ਹੈ ਜਿਸ ਨੂੰ ਪੂਰਾ ਯਕੀਨ ਹੈ ਕਿ ਉਹ ਸਭ ਕੁਝ ਜਾਣਦੇ ਹਨ। ਉਹ ਸੋਚਦੇ ਹਨ ਕਿ ਉਹ ਰੱਬ ਤੋਂ ਵੀ ਵੱਧ ਜਾਣਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ “ਉਹ ਭਗਵਾਨ ਦੇ ਕੋਲ ਬੈਠ ਸਕਦੇ ਹਨ ਅਤੇ ਉਸ ਨੂੰ ਸਮਝਾ ਸਕਦੇ ਹਨ ਕਿ ਕੀ ਹੋ ਰਿਹਾ ਹੈ ਅਤੇ ਸਪੱਸ਼ਟ ਹੈ ਕਿ ਸਾਡੇ ਪ੍ਰਧਾਨ ਮੰਤਰੀ ਇਸ ਦੀ ਇੱਕ ਉਦਾਹਰਣ ਹਨ। ਮੋਦੀ ਜੀ ਨੂੰ ਰੱਬ ਕੋਲ ਬਿਠਾਓ ਤਾਂ ਉਹ ਰੱਬ ਨੂੰ ਸਮਝਾ ਦੇਣਗੇ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ ਅਤੇ ਰੱਬ ਵੀ ਹੈਰਾਨ ਹੋਵੇਗਾ ਕਿ ਮੈਂ ਕੀ ਬਣਾਇਆ ਹੈ।
ਰਾਹੁਲ ਗਾਂਧੀ ਦੀ ਇਸ ਗੱਲ 'ਤੇ ਉੱਥੇ ਮੌਜੂਦ ਭਾਰਤੀ-ਅਮਰੀਕੀਆਂ ਖੂਬ ਹੱਸੇ। ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਾਨ ਫਰਾਂਸਿਸਕੋ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਸੇਂਗੋਲ ਦੀ ਸਥਾਪਨਾ ਨੂੰ ਡਰਾਮਾ ਦੱਸਿਆ। ਰਾਹੁਲ ਗਾਂਧੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਨਵੀਂ ਪਾਰਲੀਮੈਂਟ ਵਿਚ ਸੇਂਗੋਲ ਦਾ ਉਦਘਾਟਨ ਅਸਲ ਮੁੱਦਿਆਂ ਤੋਂ 'ਲੋਕਾਂ ਦਾ ਧਿਆਨ ਹਟਾਉਣ' ਲਈ ਸਿਰਫ਼ ਇੱਕ 'ਡਰਾਮਾ' ਸੀ। ਇਸ ਤੋਂ ਬਾਅਦ ਉਹ ਵਿਰੋਧੀ ਧਿਰ ਭਾਜਪਾ ਦੇ ਨਿਸ਼ਾਨੇ 'ਤੇ ਹਨ।