
ਪੂਰਬੀ ਲੱਦਾਖ਼ ਵਿਚ ਚੀਨ ਨਾਲ ਖਿੱਚੋਤਾਣ ਦਾ ਲੰਮਾ ਦੌਰ ਖਿੱਚੇ ਜਾਣ ਦੇ ਸ਼ੱਕ ਦਰਮਿਆਨ ਭਾਰਤੀ ਫ਼ੌਜ ਲਈ ਇਕ ਚੰਗੀ ਗੱਲ ਇਹ ਹੈ
ਨਵੀਂ ਦਿੱਲੀ, 30 ਜੁਲਾਈ : ਪੂਰਬੀ ਲੱਦਾਖ਼ ਵਿਚ ਚੀਨ ਨਾਲ ਖਿੱਚੋਤਾਣ ਦਾ ਲੰਮਾ ਦੌਰ ਖਿੱਚੇ ਜਾਣ ਦੇ ਸ਼ੱਕ ਦਰਮਿਆਨ ਭਾਰਤੀ ਫ਼ੌਜ ਲਈ ਇਕ ਚੰਗੀ ਗੱਲ ਇਹ ਹੈ ਕਿ ਇਥੇ ਤਾਇਨਾਤ ਉਸ ਦੇ ਜਵਾਨ ਇਸ ਤਰ੍ਹਾਂ ਦੇ ਮੌਸਮ ਵਿਚ ਕੰਮ ਕਰਨ ਦੇ ਪਹਿਲੇ ਤੋਂ ਆਦੀ ਹਨ। ਭਾਰਤੀ ਜਵਾਨ ਬਹੁਤ ਉਚਾਈ 'ਤੇ ਖ਼ਰਾਬ ਮੌਸਮ ਵੀ ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹਨ। ਸਿਖਰ ਦੀਆਂ ਸਰਦੀਆਂ ਵਿਚ ਪੂਰਬੀ ਲੱਦਾਖ਼ ਸੈਕਟਰ ਵਿਚ ਭਾਰਤੀ ਫ਼ੌਜ ਨੇ ਚੀਨ 'ਤੇ ਬੜ੍ਹਤ ਹਾਸਲ ਕਰ ਲਈ ਹੈ। ਫ਼ੌਜ ਨੇ ਇਥੇ 35,000 ਫ਼ੌਜੀਆਂ ਨੂੰ ਤਾਇਨਾਤ ਕੀਤਾ ਹੈ, ਜੋ ਪਹਿਲੇ ਤੋਂ ਹੀ ਉਚ ਉਚਾਈ ਤੇ ਠੰਢ ਦੀ ਸਥਿਤੀ ਵਿਚ ਕੰਮ ਕਰ ਚੁੱਕੇ ਹਨ।
File Photo
ਇਥੇ ਤਾਇਨਾਤ ਭਾਰਤੀ ਫ਼ੌਜੀਆਂ ਨੂੰ ਮੌਸਮ ਤੇ ਇਲਾਕੇ ਨਾਲ ਨਿਪਟਣ ਲਈ ਦਿਮਾਗੀ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਅਤੀਤ ਤੋਂ ਸਬਕ ਲੈਂਦੇ ਹੋਏ ਸਰਦੀਆਂ ਵਿਚ ਵੀ ਚੌਕਸੀ ਦਾ ਉਚ ਪੱਧਰ ਬਣਾਈ ਰੱਖਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਜ਼ੀਰੋ ਤੋਂ 50 ਡਿਗਰੀ ਹੇਠਾਂ ਦਾ ਤਾਪਮਾਨ ਹੋਵੇ ਜਾਂ ਫਿਰ ਬਰਫ਼ੀਲੇ ਤੂਫ਼ਾਨ, ਸਾਡੇ ਜਵਾਨ ਐਲਏਸੀ ਕੋਲ ਨਿਗਰਾਨੀ ਚੌਕੀਆਂ 'ਤੇ ਮੁਸਤੈਦ ਰਹਿਣਗੇ। ਸਰਦੀਆਂ ਵਿਚ ਜਵਾਨਾਂ ਨੂੰ ਵਿਪਰੀਤ ਹਾਲਾਤ ਤੋਂ ਬਚਾਉਣ ਲਈ ਫ਼ੌਜ ਨੇ ਵਿਸ਼ੇਸ਼ ਤੰਬੂਆਂ ਤੋਂ ਇਲਾਵਾ ਫ਼ੌਜੀ ਵਰਦੀ ਤੇ ਬੂਟਾਂ ਨੂੰ ਖ਼ਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ।
ਇਸ ਦੇ ਉਲਟ ਐਲਏਸੀ 'ਤੇ ਤਾਇਨਾਤ ਚੀਨੀ ਫ਼ੌਜੀਆਂ ਦੀ ਵਰਤੋਂ ਇਨ੍ਹਾਂ ਸਥਿਤੀਆਂ ਲਈ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਉਨ੍ਹਾਂ ਨੂੰ ਮੁੱਖ ਧਰਤੀ ਚੀਨ ਤੋਂ ਲਿਆਇਆ ਗਿਆ ਹੈ ਤੇ ਉਹ ਜ਼ਿਆਦਾ ਉਚਾਈ ਵਾਲੇ ਠੰਢੇ ਮੌਸਮ ਦੀ ਸਥਿਤੀ ਦੇ ਆਦੀ ਨਹੀਂ ਹੁੰਦੇ ਹਨ। (ਏਜੰਸੀ)