
ਸਰਕਾਰ ਨੇ ਸਰਵਿਸ ਦੌਰਾਨ ਕਰਮਚਾਰੀ ਦੀ ਮੌਤ ਹੋਣ ‘ਤੇ ਆਰਜ਼ੀ ਪਰਿਵਾਰਕ ਪੈਨਸ਼ਨ ਦੀ ਅਦਾਇਗੀ ਲਈ ਨਿਯਮਾਂ ਵਿਚ ਢਿੱਲ ਦੇਣ ਲਈ ਖ਼ਾਸ ਕਦਮ ਚੁੱਕੇ ਹਨ।
ਨਵੀਂ ਦਿੱਲੀ: ਸਰਕਾਰ ਨੇ ਸਰਵਿਸ ਦੌਰਾਨ ਕਰਮਚਾਰੀ ਦੀ ਮੌਤ ਹੋਣ ‘ਤੇ ਆਰਜ਼ੀ ਪਰਿਵਾਰਕ ਪੈਨਸ਼ਨ ਦੀ ਅਦਾਇਗੀ ਲਈ ਨਿਯਮਾਂ ਵਿਚ ਢਿੱਲ ਦੇਣ ਲਈ ਖ਼ਾਸ ਕਦਮ ਚੁੱਕੇ ਹਨ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਵੱਲੋਂ ਜਾਰੀ ਤਾਜ਼ਾ ਮੈਮੋਰੰਡਮ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਸਰਕਾਰੀ ਕਰਮਚਾਰੀ ਦੇ ਪਰਿਵਾਰ ਨੂੰ ਕਿਸੇ ਵੀ ਮੁਸ਼ਕਲ ਤੋਂ ਬਚਾਉਣ ਲਈ, ਸੀਸੀਐਸ (ਪੈਨਸ਼ਨ) ਨਿਯਮ 1972 ਦੇ ਨਿਯਮ 80-ਏ ਦੀਆਂ ਧਾਰਾਵਾਂ ਵਿਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ।
Pension
ਹੁਣ ਜੇਕਰ ਫਾਰਮ ਨੰਬਰ 14 ਵਿਚ ਪਰਿਵਾਰਕ ਪੈਨਸ਼ਨ ਲਈ ਦਾਅਵੇ ਦੇ ਨਾਲ ਮੌਤ ਦਾ ਸਰਟੀਫਿਕੇਟ ਅਤੇ ਬੈਂਕ ਖਾਤੇ ਦਾ ਵੇਰਵਾ ਪ੍ਰਾਪਤ ਹੋ ਗਿਆ ਹੈ ਅਤੇ ਦਫਤਰ ਦਾ ਮੁਖੀ ਉਸ ਦਾਅਵੇ ਦੀ ਅਦਾਇਗੀ ਤੋਂ ਸੰਤੁਸ਼ਟ ਹੈ ਤਾਂ ਆਰਜ਼ੀ ਪਰਿਵਾਰਕ ਪੈਨਸ਼ਨ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ ਜਾਵੇਗੀ। ਸੀਸੀਐਸ (ਪੈਨਸ਼ਨ) ਨਿਯਮ 1972 ਦੇ ਨਿਯਮ 80-ਏ ਦੇ ਅਨੁਸਾਰ, ਸਰਵਿਸ ਦੌਰਾਨ ਸਰਕਾਰੀ ਕਰਮਚਾਰੀ ਦੀ ਮੌਤ ਹੋਣ ‘ਤੇ ਦਾਅਵੇਦਾਰ ਜਾਂ ਦਾਅਵੇਦਾਰਾਂ ਦੇ ਹੱਕ ਵਿਚ ਆਰਜ਼ੀ ਪਰਿਵਾਰਕ ਪੈਨਸ਼ਨ ਅਤੇ ਮੌਤ ਗਰੈਚੁਟੀ ਮਨਜ਼ੂਰ ਕੀਤੀ ਜਾਂਦੀ ਹੈ।
Pension
ਇਸ ਪੈਨਸ਼ਨ ਨਿਯਮ ਦੇ ਤਹਿਤ ਫਾਰਮ ਨੰਬਰ 18 ਅਤੇ ਹੋਰ ਦਸਤਾਵੇਜ਼ ਮੁੱਖ ਦਫ਼ਤਰ ਵੱਲੋਂ ਤਨਖ਼ਾਹ ਅਤੇ ਅਕਾਊਂਟ ਦਫ਼ਤਰ ਨੂੰ ਭੇਜੇ ਜਾਂਦੇ ਹਨ। ਵਿਭਾਗ ਨੇ ਦੇਖਿਆ ਹੈ ਕਿ ਪਰਿਵਾਰਕ ਪੈਨਸ਼ਨ ਦੇ ਮਾਮਲੇ ਵਿਚ ਕੇਸ ਨੂੰ ਸਾਰੇ ਦਸਤਾਵੇਜ਼ਾਂ ਸਮੇਤ ਤਨਖ਼ਾਹ ਅਤੇ ਅਕਾਊਂਟ ਦਫ਼ਤਰ ਨੂੰ ਭੇਜਣ ਵਿਚ ਕਾਫੀ ਸਮਾਂ ਲੱਗਦਾ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਕਾਫੀ ਮਾਮਲਿਆਂ ਵਿਚ ਸਰਕਾਰੀ ਕਰਮਚਾਰੀ ਦੀ ਮੌਤ ‘ਤੇ ਆਰਜ਼ੀ ਪਰਿਵਾਰਕ ਪੈਨਸ਼ਨ ਅਤੇ ਗਰੈਚੂਟੀ ਪਰਿਵਾਰ ਨੂੰ ਮਨਜ਼ੂਰ ਨਹੀਂ ਕੀਤੀ ਜਾਂਦੀ।
Pension
ਇਸ ਕਾਰਨ ਮ੍ਰਿਤਕ ਸਰਕਾਰੀ ਕਰਮਚਾਰੀ ਦੇ ਪਰਿਵਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਜੇਕਰ ਸਰਕਾਰੀ ਕਰਮਚਾਰੀ ਦੀ ਸਰਵਿਸ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਸਰਵਿਸ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਸੀਸੀਐਸ (ਪੈਨਸ਼ਨ) ਨਿਯਮਾਂ ਦੇ ਨਿਯਮ 54 (2) (ii) ਦੇ ਤਹਿਤ ਕਰਮਚਾਰੀ ਪਰਿਵਾਰਕ ਪੈਨਸ਼ਨ ਦਾ ਹੱਕਦਾਰ ਬਣਦਾ ਹੈ।
Pension
ਸਰਕਾਰ ਵੱਲੋਂ ਦਿੱਤੀ ਗਈ ਇਸ ਢਿੱਲ ਤੋਂ ਬਾਅਦ ਦਫਤਰ ਦੇ ਮੁਖੀ ਪਰਿਵਾਰਕ ਪੈਨਸ਼ਨ ਨੂੰ ਆਰਜ਼ੀ ਮਨਜ਼ੂਰੀ ਦੇਣ ਲਈ ਕੇਸ ਤਨਖ਼ਾਹ ਅਤੇ ਅਕਾਊਂਟ ਦਫਤਰ ਕੋਲ ਭੇਜਣ ਦੀ ਉਡੀਕ ਨਹੀਂ ਕਰਨਗੇ। ਆਰਜ਼ੀ ਪਰਿਵਾਰਕ ਪੈਨਸ਼ਨ ਦੀ ਰਕਮ ਸੀਸੀਐਸ ਪੈਨਸ਼ਨ ਨਿਯਮ, 1972 ਦੇ ਨਿਯਮ 54 ਦੇ ਅਧੀਨ ਦਿੱਤੀ ਗਈ ਵੱਧ ਤੋਂ ਵੱਧ ਪਰਿਵਾਰਕ ਪੈਨਸ਼ਨ ਰਕਮ ਤੋਂ ਵੱਧ ਨਹੀਂ ਹੋ ਸਕਦੀ।
Pension
ਸੈਂਟਰਲ ਆਰਮਡ ਪੁਲਿਸ ਫੋਰਸ ਨਾਲ ਜੁੜੇ ਮਾਮਲਿਆਂ ਵਿਚ ਜੇਕਰ ਇਕ ਕਰਮਚਾਰੀ ਦੀ ਮੌਤ ਹੁੰਦੀ ਹੈ ਤਾਂ ਸ਼ੁਰੂਆਤੀ ਤੌਰ 'ਤੇ ਆਰਜ਼ੀ ਪਰਿਵਾਰਕ ਪੈਨਸ਼ਨ ਨੂੰ ਅੰਤਿਮ ਅਪਰੇਸ਼ਨ ਕੈਜੁਅਲਟੀ ਰਿਪੋਰਟ ਦੀ ਉਡੀਕ ਕੀਤੇ ਬਗੈਰ ਮਨਜੂਰੀ ਦਿੱਤੀ ਜਾ ਸਕਦੀ ਹੈ। ਤਨਖ਼ਾਹ ਅਤੇ ਅਕਾਊਂਟ ਵਿਭਾਗ ਦਸਤਾਵੇਜ਼ਾਂ ਲਈ ਜ਼ੋਰ ਦਿੱਤੇ ਬਗੈਰ ਆਰਜ਼ੀ ਪਰਿਵਾਰਕ ਪੈਨਸ਼ਨ ਨੂੰ ਮੁੱਖ ਦਫਤਰ ਦੁਆਰਾ ਜਾਰੀ ਪ੍ਰਵਾਨਗੀ ਹੁਕਮ ਦੇ ਅਧਾਰ ‘ਤੇ ਜਾਰੀ ਕਰ ਸਕਦਾ ਹੈ। ਆਰਜ਼ੀ ਪਰਿਵਾਰਕ ਪੈਨਸ਼ਨ ਦਾ ਭੁਗਤਾਨ ਉਸੇ ਤਰੀਕੇ ਨਾਲ ਕੀਤਾ ਜਾਵੇਗਾ ਜਿਵੇਂ ਕਿ ਸੰਸਥਾ ਦੀ ਤਨਖਾਹ ਅਤੇ ਭੱਤਿਆਂ ਦਾ ਭੁਗਤਾਨ ਕੀਤਾ ਜਾਂਦਾ ਹੈ।