
ਰਾਜਸਥਾਨ ਹਾਈ ਕੋਰਟ ਨੇ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਮਗਰੋਂ ਕਾਂਗਰਸ ਵਿਚ ਰਲੇਵਾਂ ਕਰਨ
ਜੈਪੁਰ, 30 ਜੁਲਾਈ : ਰਾਜਸਥਾਨ ਹਾਈ ਕੋਰਟ ਨੇ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਮਗਰੋਂ ਕਾਂਗਰਸ ਵਿਚ ਰਲੇਵਾਂ ਕਰਨ ਵਾਲੇ ਛੇ ਵਿਧਾਇਕਾਂ ਅਤੇ ਵਿਧਾਨ ਸਭਾ ਸਪੀਕਰ ਨੂੰ ਨੋਟਿਸ ਜਾਰੀ ਕੀਤੇ ਹਨ। ਵਿਧਾਇਕਾਂ ਦੇ ਕਾਂਗਰਸ ਵਿਚ ਰਲੇਵੇਂ ਵਿਰੁਧ ਬਸਪਾ ਨੇ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਨੋਟਿਸ ਜਾਰੀ ਕੀਤੇ ਹਨ। ਵਿਧਾਇਕਾਂ ਨੇ ਨੋਟਿਸ ਦੇ ਜਵਾਬ 11 ਅਗੱਸਤ ਤਕ ਦੇਣਾ ਹੈ ਅਤੇ ਅਪਣਾ ਪੱਖ ਵੀ ਰਖਣਾ ਹੈ। ਸੰਦੀਪ ਯਾਦਵ, ਵਾਜਿਬ ਅਲੀ, ਦੀਪਚੰਦ ਖੇਰੀਆ, ਲਾਖਨ ਮੀਣਾ, ਜੋਗਿੰਦਰ ਅਵਾਨਾ ਅਤੇ ਰਾਜੇਂਦਰ ਗੁੜਾ ਨੇ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਦੀ ਟਿਕਟ 'ਤੇ ਜਿੱਤ ਦਰਜ ਕੀਤੀ ਸੀ।
ਇਹ ਸਾਰੇ ਸਤੰਬਰ 2019 ਵਿਚ ਬਸਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਵਿਧਾਇਕ ਮਦਨ ਦਿਲਾਵਰ ਨੇ ਰਲੇਵੇਂ ਵਿਰੁਧ ਇਸ ਸਾਲ ਮਾਰਚ ਵਿਚ ਵਿਧਾਨ ਸਭਾ ਸਪੀਕਰ ਨੂੰ ਸ਼ਿਕਾਇਤ ਦਿਤੀ ਸੀ ਅਤੇ ਕਿਹਾ ਸੀ ਕਿ ਇਹ ਦਲਬਦਲ ਕਾਨੂੰਨ ਦੀ ਉਲੰਘਣਾ ਹੈ ਪਰ ਸਪੀਕਰ ਨੇ 24 ਜੁਲਾਈ ਨੂੰ ਉਨ੍ਹਾਂ ਦੀ ਸ਼ਿਕਾਇਤ ਰੱਦ ਕਰ ਦਿਤੀ ਸੀ। ਦਿਲਾਵਰ ਨੇ ਮੰਗਲਵਾਰ ਨੂੰ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਅਪਣੀ ਸ਼ਿਕਾਇਤ ਬਾਰੇ ਸਪੀਕਰ ਦੁਆਰਾ ਦਿਤੇ ਗਏ ਹੁਕਮ ਨੂੰ ਚੁਨੌਤੀ ਦਿਤੀ ਸੀ। ਰਲੇਵੇਂ ਵਿਰੁਧ ਬਸਪਾ ਨੇ ਵੀ ਪਟੀਸ਼ਨ ਦਾਖ਼ਲ ਕੀਤੀ ਸੀ। (ਏਜੰਸੀ)