
ਨਵਜੋਤ ਸਿੱਧੂ ਵੱਲੋਂ ਕੇਂਦਰੀ ਕਾਨੂੰਨਾਂ 'ਚ ਵਿਧਾਨ ਸਭਾ ਦੀ ਸੋਧ 'ਤੇ ਚੁੱਕੇ ਸਵਾਲ ਨੇ 'ਆਪ' ਦੇ ਸਟੈਂਡ 'ਤੇ ਮੋਹਰ ਲਗਾਈ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਵੱਲੋਂ ਖੇਡੇ ਜਾ ਰਹੇ ਸਿਆਸੀ ਪੈਂਤਰਅਿਾਂ ਦੀ ਸਖ਼ਤ ਨੁਕਤਾਚੀਨੀ ਕਰਦੇ ਹੋਏ ਅਪੀਲ ਕੀਤੀ ਹੈ ਕਿ ਕਾਂਗਰਸੀ ਆਗੂ ਮਾਰੂ ਖੇਤੀ ਕਾਨੂੰਨਾਂ ਬਾਰੇ ਗੁੰਮਰਾਹਕੁੰਨ ਰਾਹ ਨਾ ਪੈਣ ਅਤੇ ਅੰਨਦਾਤਾ ਦੇ ਹੱਕ 'ਚ ਸਿੱਧਾ-ਸਪਸ਼ਟ ਸਟੈਂਡ ਲੈਣ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਮੋਦੀ ਸਰਕਾਰ ਨਾਲ ਮਿਲੀਭੁਗਤ ਅਤੇ ਕੇਂਦਰੀ ਖੇਤੀ ਕਾਨੂੰਨਾਂ 'ਚ ਸੋਧ ਦੇ ਨਾਂ 'ਤੇ ਪੰਜਾਬ ਵਿਧਾਨ ਸਭਾ 'ਚ ਕੀਤੀ ਡਰਾਮੇਬਾਜ਼ੀ ਨੇ ਕਿਸਾਨ ਅੰਦੋਲਨ ਨੂੰ ਪਹਿਲਾਂ ਹੀ ਢਾਹ ਲਗਾਉਣ 'ਚ ਕੋਈ ਕਸਰ ਨਹੀਂ ਛੱਡੀ ਸੀ।
Kultar Singh Sandhwan
ਸ਼ਨੀਵਾਰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੁਆਰਾ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨਾਂ 'ਚ ਪੰਜਾਬ ਵਿਧਾਨ ਸਭਾ ਰਾਹੀਂ ਸੋਧ ਕਰਨ ਬਾਰੇ ਉਠਾਏ ਸਵਾਲ ਨੇ ਆਮ ਆਦਮੀ ਪਾਰਟੀ ਦੀ ਉਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ ਕਿ ਕੈਪਟਨ ਨੇ ਮੋਦੀ ਦੇ ਇਸ਼ਾਰੇ 'ਤੇ ਵਿਧਾਨ ਸਭਾ 'ਚ ਡਰਾਮਾ ਕਰਕੇ ਕਿਸਾਨਾਂ ਅਤੇ ਪੰਜਾਬ ਨੂੰ ਗੁੰਮਰਾਹ ਕੀਤਾ ਹੈ।
CM Punjab
ਕੁਲਤਾਰ ਸਿੰਘ ਸੰਧਵਾਂ ਨੇ ਲਗਾਇਆ ਕਿ ਕਾਂਗਰਸ ਨੇ ਖੇਤੀ ਕਾਨੂੰਨਾਂ ਬਾਰੇ ਸ਼ੁਰੂ ਤੋਂ ਹੀ ਦੋਗਲੀ ਨੀਤੀ ਅਪਣਾਈ ਹੋਈ ਹੈ। ਪਹਿਲਾ ਕੈਪਟਨ ਨੇ ਵਿਧਾਨ ਸਭਾ 'ਚ ਕੇਂਦਰੀ ਕਾਨੂੰਨਾਂ 'ਚ ਸੋਧ ਕਰਨ ਦਾ ਡਰਾਮਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਖੇਤੀ ਕਾਨੂੰਨਾਂ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਕੇਂਦਰੀ ਖੇਤੀ ਕਾਨੂੰਨ ਰੱਦ ਕਰਨ ਬਾਰੇ ਸ਼ਗੂਫ਼ਾ ਛੱਡ ਕੇ ਲੋਕਾਂ ਨੂੰ ਇੱਕ ਵਾਰ ਹੋਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Kultar Singh Sandhwan
ਸੰਧਵਾਂ ਨੇ ਕਿਹਾ ਕਿ ਜੇਕਰ ਸੂਬਿਆਂ ਦੀਆਂ ਵਿਧਾਨ ਸਭਾਵਾਂ 'ਚ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਦੀ ਤਾਕਤ ਹੁੰਦੀ ਤਾਂ ਦੇਸ਼ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਪੱਕਾ ਮੋਰਚਾ ਲਗਾਉਣ ਦੀ ਜ਼ਰੂਰਤ ਨਾ ਪੈਂਦੀ ਅਤੇ ਉਹ ਚੰਡੀਗੜ੍ਹ ਸਮੇਤ ਸੂਬਿਆਂ ਦੀਆਂ ਰਾਜਧਾਨੀਆਂ 'ਚ ਧਰਨੇ ਲਗਾ ਕੇ ਇਹ ਕੰਮ ਸੂਬਾ ਸਰਕਾਰਾਂ ਤੋਂ ਹੀ ਕਦੋਂ ਦਾ ਕਰਵਾ ਚੁੱਕੇ ਹੁੰਦੇ।
PM Modi
ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰਾਂ ਖੇਤੀ ਕਾਨੂੰਨਾਂ ਵਿਰੁੱਧ ਵਿਧਾਨ ਸਭਾ 'ਚ ਮਤੇ ਪਾਸ ਕਰਕੇ ਕੇਂਦਰ ਸਰਕਾਰ ਨਾਲ ਅਸਹਿਮਤੀ ਅਤੇ ਕਿਸਾਨਾਂ ਨੂੰ ਸਮਰਥਨ ਦਾ ਸੁਨੇਹਾ ਹੀ ਦੇ ਸਕਦੀਆਂ ਹਨ, ਪਰੰਤੂ ਕੇਂਦਰੀ ਕਾਨੂੰਨਾਂ ਨੂੰ ਮੂਲੋਂ ਰੱਦ ਨਹੀਂ ਕਰ ਸਕਦੀਆਂ।
Harpal Singh Cheema
'ਆਪ' ਦੇ ਵਿਧਾਇਕਾਂ ਨੇ ਕੇਜਰੀਵਾਲ ਸਰਕਾਰ ਦਾ ਕੀਤਾ ਧੰਨਵਾਦ
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਜਗਤਾਰ ਸਿੰਘ ਜੱਗਾ (ਸਾਰੇ ਵਿਧਾਇਕ) ਨੇ ਕਿਹਾ ਕਿ ਦਿੱਲੀ ਵਿਧਾਨ ਸਭਾ 'ਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਮੋਦੀ ਸਰਕਾਰ ਨੂੰ ਸਖ਼ਤ ਸੰਦੇਸ਼ ਦਿੰਦਿਆਂ ਦੂਸਰੀ ਵਾਰ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਸ ਕਰਕੇ ਦੇਸ਼ ਭਰ ਦੇ ਕਿਸਾਨਾਂ ਨਾਲ ਡਟੇ ਹੋਣ ਦਾ ਸਬੂਤ ਦਿੱਤਾ ਹੈ। ਸਾਰੇ 'ਆਪ' ਵਿਧਾਇਕਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਮੁੱਚੀ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ ਹੈ।