
ਸੜਕ ਬੰਦ ਹੋਣ ਕਾਰਨ ਸੇਬ ਸੜਨ ਦੀ ਗੱਲ ਝੂਠੀ ਅਤੇ ਗੁੰਮਰਾਹਕੁੰਨ ਹੈ, ਕਿਉਂਕਿ ਦੂਜਾ ਰਸਤਾ ਖੁੱਲ੍ਹਾ ਹੈ : ਬਾਗਬਾਨੀ ਮੰਤਰੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਬਾਗਬਾਨੀ ਮੰਤਰੀ ਜਗਤ ਸਿੰਘ ਨੇਗੀ ਨੇ ਸ਼ਿਮਲਾ ਦੇ ਰੋਹੜ ਇਲਾਕੇ ’ਚ ਇਕ ਸੇਬ ਉਤਪਾਦਕ ਵਲੋਂ ਅਪਣੀ ਉਪਜ ਨੂੰ ਨਦੀ ’ਚ ਸੁੱਟਦੇ ਹੋਏ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਦੇ ਹੁਕਮ ਦਿਤੇ ਹਨ।
ਨੇਗੀ ਨੇ ਸੋਮਵਾਰ ਨੂੰ ਦਸਿਆ ਕਿ ਵੀਡੀਓ ਕਰੀਬ 20 ਦਿਨ ਪੁਰਾਣਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸੜਕ ਬੰਦ ਹੋਣ ਕਾਰਨ ਸੇਬ ਸੜਨ ਦੀ ਗੱਲ ਝੂਠੀ ਅਤੇ ਗੁੰਮਰਾਹਕੁੰਨ ਹੈ, ਕਿਉਂਕਿ ਦੂਜਾ ਰਸਤਾ ਖੁੱਲ੍ਹਾ ਹੈ।
ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਵੀਡੀਓ ਦੇ ਪ੍ਰਸਾਰਣ ਪਿੱਛੇ ਭਾਜਪਾ ਆਗੂਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਕ ਕਥਿਤ ਵੀਡੀਓ ’ਚ ਰੋਹੜੂ ਕਸਬੇ ’ਚ ਸੜਕ ਦੇ ਕਿਨਾਰੇ ਖੜੇ ਇਕ ਟਰੱਕ ਅਤੇ ਇਕ ਕਿਸਾਨ ਨੂੰ ਦਰਿਆ ’ਚ ਸੇਬ ਸੁੱਟਦੇ ਹੋਏ ਵਿਖਾਇਆ ਗਿਆ ਹੈ।
ਪਿੰਡ ਵਰਾਲ ਦੇ ਉਪ ਪ੍ਰਧਾਨ ਦੌਲਤ ਰਾਮ ਨੇ ਤਹਿਸੀਲਦਾਰ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਹੈ ਕਿ ਪਿੰਡ ਨੂੰ ਮੁੱਖ ਮਾਰਗ ਨਾਲ ਜੋੜਨ ਵਾਲੀ ਬਲਾਸਣ-ਚਨਾੜੀ-ਪਡਸਰੀ ਸੜਕ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਾਰਨ 9 ਜੁਲਾਈ ਤੋਂ ਬੰਦ ਹੈ। ਉਨ੍ਹਾਂ ਚਿੱਠੀ ’ਚ ਕਿਹਾ ਹੈ ਕਿ ਤਿੰਨ ਕਿਸਾਨਾਂ ਨੇ ਸੇਬਾਂ ਦੀਆਂ 68 ਪੇਟੀਆਂ ਨਦੀ ’ਚ ਸੁੱਟ ਦਿਤੀਆਂ।
ਬਾਗਬਾਨੀ ਮੰਤਰੀ ਨੇ ਕਿਹਾ ਕਿ ਮੁਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਿਸਾਨ ਨੇ ਵੀਡੀਉ ਨਹੀਂ ਬਣਾਈ। ਨੇਗੀ ਨੇ ਕਿਹਾ ਕਿ ਸੇਬ ਉਤਪਾਦਕਾਂ ਨੇ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਸੇਬਾਂ ਨੂੰ ਸੁੱਟ ਦਿਤਾ ਸੀ ਪਰ ਕੁਝ ਲੋਕਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿਤਾ।
ਭਾਜਪਾ ਦੇ ਬੁਲਾਰੇ ਚੇਤਨ ਬਰਗਟਾ ਨੇ ਨੂੰ ਦਸਿਆ ਕਿ ਸੂਬੇ ਦੀਆਂ ਕਈ ਲਿੰਕ ਸੜਕਾਂ ਬੰਦ ਹਨ। ਉਨ੍ਹਾਂ ਦਸਿਆ ਕਿ ਆਉਣ ਵਾਲੇ ਦਿਨਾਂ ’ਚ ਸੇਬਾਂ ਦੀ ਢੋਆ-ਢੁਆਈ ਇਕ ਵੱਡਾ ਮੁੱਦਾ ਬਣ ਜਾਵੇਗਾ। ਬਰਗਟਾ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਪਹਿਲਾਂ 15 ਜੁਲਾਈ ਤਕ ਕੁਲੈਕਸ਼ਨ ਸੈਂਟਰ ਸਥਾਪਤ ਕਰਦੀਆਂ ਸਨ ਪਰ ਇਸ ਵਾਰ ਅਜੇ ਤਕ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸੇਬ ਉਤਪਾਦਕ ਕੁਲੈਕਸ਼ਨ ਸੈਂਟਰ ਨਾ ਬਣਾਏ ਜਾਣ ਅਤੇ ਸੜਕਾਂ ਜਾਮ ਹੋਣ ਕਾਰਨ ਬੇਹੱਦ ਪ੍ਰੇਸ਼ਾਨ ਹਨ।
ਅਧਿਕਾਰੀਆਂ ਨੇ ਦਸਿਆ ਕਿ ਸ਼ਿਮਲਾ ਜ਼ੋਨ ਦੀਆਂ 240 ਸੜਕਾਂ ਸਮੇਤ 400 ਤੋਂ ਵੱਧ ਸੜਕਾਂ ਨੂੰ ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ। ਸ਼ਿਮਲਾ ਜ਼ੋਨ ’ਚ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹੇ ਸ਼ਾਮਲ ਹਨ।