
ਦੋਹਾਂ ਧਿਰਾਂ ਨੇ ਬਕਾਇਆ ਮੁੱਦਿਆਂ ਦੇ ਜਲਦੀ ਹੱਲ ਲਈ ਅਸਲ ਕੰਟਰੋਲ ਰੇਖਾ ’ਤੇ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ : ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਲੰਮੇ ਸਮੇਂ ਤੋਂ ਚੱਲ ਰਹੇ ਸਰਹੱਦੀ ਤਣਾਅ ਨੂੰ ਸੁਲਝਾਉਣ ਲਈ ਬੁਧਵਾਰ ਨੂੰ ‘ਰਚਨਾਤਮਕ’ ਕੂਟਨੀਤਕ ਗੱਲਬਾਤ ਕੀਤੀ।
ਇਹ ਗੱਲਬਾਤ ਦਿੱਲੀ ’ਚ ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਵਰਕਿੰਗ ਮੈਕੇਨਿਜ਼ਮ (ਡਬਲਯੂ.ਐਮ.ਸੀ.ਸੀ.) ਦੇ ਢਾਂਚੇ ਤਹਿਤ ਹੋਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਬਕਾਇਆ ਮੁੱਦਿਆਂ ਦੇ ਜਲਦੀ ਹੱਲ ਲਈ ਅਸਲ ਕੰਟਰੋਲ ਰੇਖਾ ’ਤੇ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਅਤੇ ਐਲਏਸੀ ਦਾ ਸਨਮਾਨ ਦੁਵਲੇ ਸਬੰਧਾਂ ਵਿਚ ਆਮ ਸਥਿਤੀ ਦੀ ਬਹਾਲੀ ਲਈ ਜ਼ਰੂਰੀ ਬੁਨਿਆਦ ਹੈ।’’ ਬਿਆਨ ’ਚ ਕਿਹਾ ਗਿਆ, ‘‘ਦੋਵੇਂ ਪੱਖ ਸਰਕਾਰਾਂ ਦਰਮਿਆਨ ਸਬੰਧਤ ਦੁਵਲੇ ਸਮਝੌਤਿਆਂ, ਪ੍ਰੋਟੋਕੋਲ ਅਤੇ ਸਹਿਮਤੀ ਦੇ ਅਨੁਸਾਰ ਸਰਹੱਦੀ ਖੇਤਰਾਂ ’ਚ ਜ਼ਮੀਨੀ ਪੱਧਰ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਜ਼ਰੂਰਤ ’ਤੇ ਸਹਿਮਤ ਹੋਏ।’’
ਮੰਤਰਾਲੇ ਨੇ ਕਿਹਾ, ‘‘ਬੈਠਕ ’ਚ ਚਰਚਾ ਡੂੰਘੀ, ਰਚਨਾਤਮਕ ਅਤੇ ਦੂਰਦਰਸ਼ੀ ਰਹੀ। ਦੋਵੇਂ ਧਿਰਾਂ ਸਥਾਪਤ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਸੰਚਾਰ ਬਣਾਈ ਰੱਖਣ ਲਈ ਸਹਿਮਤ ਹੋਈਆਂ।’’