
ਬੱਚਿਆਂ ਅਤੇ ਗਰਭਵਤੀ ਔਰਤਾਂ ਸਮੇਤ 8,017 ਲੋਕਾਂ ਨੂੰ ਜ਼ਿਲ੍ਹੇ ਦੇ 82 ਕੈਂਪਾਂ ’ਚ ਭੇਜਿਆ ਗਿਆ
ਵਾਇਨਾਡ (ਕੇਰਲ) : ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 167 ਹੋ ਗਈ ਹੈ, ਜਦਕਿ 191 ਲੋਕ ਲਾਪਤਾ ਹਨ। ਬਚਾਅ ਟੀਮਾਂ ਨੇ ਤਲਾਸ਼ੀ ਮੁਹਿੰਮ ਦੇ ਦੂਜੇ ਦਿਨ ਮਲਬੇ ਹੇਠਾਂ ਫਸੇ ਲੋਕਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀ ਆਂ।
ਜ਼ਮੀਨ ਖਿਸਕਣ ਨਾਲ ਪ੍ਰਭਾਵਤ ਵਾਇਨਾਡ ’ਚ ਨਦੀਆਂ ’ਤੇ ਛੋਟੇ ਅਸਥਾਈ ਪੁਲ ਬਣਾਏ ਗਏ ਹਨ ਅਤੇ ਮਲਬੇ ਤੇ ਪੱਥਰਾਂ ਦੇ ਢੇਰਾਂ ਨੂੰ ਸਾਫ ਕਰਨ ਲਈ ਮਸ਼ੀਨੀ ਪੁਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਫੌਜ ਦੇ ਜਵਾਨਾਂ, ਐਨ.ਡੀ.ਆਰ.ਐਫ., ਰਾਜ ਐਮਰਜੈਂਸੀ ਸੇਵਾਵਾਂ ਦੇ ਜਵਾਨਾਂ ਅਤੇ ਸਥਾਨਕ ਲੋਕਾਂ ਸਮੇਤ ਬਚਾਅ ਕਰਮਚਾਰੀਆਂ ਨੇ ਕਈ ਇਲਾਕਿਆਂ ’ਚ ਬਾਰਸ਼ ਜਾਰੀ ਰਹਿਣ ਦੇ ਬਾਵਜੂਦ ਮੁਸ਼ਕਲ ਮੁਹਿੰਮ ਨੂੰ ਅੰਜਾਮ ਦੇਣ ਲਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ।
ਕਈ ਵਾਰ ਤਣਾਅਪੂਰਨ ਸਥਿਤੀਆਂ ਪੈਦਾ ਹੋ ਗਈਆਂ ਜਦੋਂ ਔਰਤਾਂ ਅਤੇ ਬੱਚਿਆਂ ਸਮੇਤ ਲੋਕਾਂ ਨੂੰ ਉਫ਼ਾਨ ’ਤੇ ਆਈਆਂ ਨਦੀਆਂ ’ਤੇ ਤੰਗ, ਅਸਥਾਈ ਪੁਲਾਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਕੁੱਝ ਥਾਵਾਂ ’ਤੇ, ਬਚਾਅ ਕਰਮਚਾਰੀਆਂ ਨੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਲਈ ਰੱਸੀਆਂ ਦੀ ਵਰਤੋਂ ਕਰ ਕੇ ਪੁਲ ਬਣਾਏ।
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ, ‘‘ਵਾਇਨਾਡ ’ਚ ਬਚਾਅ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ। ਅਸੀਂ ਅਪਣੀ ਧਰਤੀ ’ਤੇ ਅਜਿਹੇ ਭਿਆਨਕ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖੇ।’’ ਵਾਇਨਾਡ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨ ਖਿਸਕਣ ਕਾਰਨ 167 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਚੁਰਾਲਮਾਲਾ ਦੇ ਮੁੰਡਕਾਈ ’ਚ ਮੰਗਲਵਾਰ ਤੜਕੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਲੋਕ ਅਪਣੇ ਘਰਾਂ ’ਚ ਸੌਂ ਰਹੇ ਸਨ ਅਤੇ ਉਨ੍ਹਾਂ ਨੂੰ ਅਪਣੀ ਜਾਨ ਬਚਾਉਣ ਦਾ ਮੌਕਾ ਵੀ ਨਾ ਮਿਲਿਆ। ਬੁਧਵਾਰ ਸਵੇਰੇ ਜਦੋਂ ਜ਼ਮੀਨ ਖਿਸਕਣ ਨਾਲ ਤਬਾਹ ਹੋਏ ਮੁੰਡਕਾਈ ਪਿੰਡ ’ਚ ਬਚਾਅ ਕਾਰਜ ਮੁੜ ਸ਼ੁਰੂ ਹੋਏ ਤਾਂ ਢਹਿ-ਢੇਰੀ ਹੋਏ ਮਕਾਨਾਂ ’ਚ ਲਾਸ਼ਾਂ ਪਈਆਂ ਅਤੇ ਬੈਠੀਆਂ ਭਿਆਨਕ ਦ੍ਰਿਸ਼ ਵੇਖਣ ਨੂੰ ਮਿਲੀਆਂ।
ਜ਼ਿਲ੍ਹਾ ਪ੍ਰਸ਼ਾਸਨ ਨੇ ਦਸਿਆ ਕਿ ਜਾਨ ਗਵਾਉਣ ਵਾਲੇ 167 ਲੋਕਾਂ ’ਚ 22 ਬੱਚੇ ਵੀ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ ਕਿ 96 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ। ਪ੍ਰਸ਼ਾਸਨ ਨੇ ਦਸਿਆ ਕਿ ਮਰਨ ਵਾਲਿਆਂ ’ਚ 77 ਪੁਰਸ਼ ਅਤੇ 67 ਔਰਤਾਂ ਸ਼ਾਮਲ ਹਨ।
ਇਸ ਤੋਂ ਪਹਿਲਾਂ ਤਿਰੂਵਨੰਤਪੁਰਮ ’ਚ ਇਕ ਪ੍ਰੈਸ ਕਾਨਫਰੰਸ ’ਚ ਵਿਜਯਨ ਨੇ ਕਿਹਾ ਸੀ ਕਿ 191 ਲੋਕ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਦਸਿਆ ਕਿ 166 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਦਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਲਾਸ਼ ਦੇ 61 ਅੰਗ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚੋਂ 49 ਦਾ ਪੋਸਟਮਾਰਟਮ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ 75 ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਆਫ਼ਤ ਪ੍ਰਭਾਵਤ ਇਲਾਕਿਆਂ ਤੋਂ 219 ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 78 ਦਾ ਅਜੇ ਵੀ ਇਲਾਜ ਚੱਲ ਰਿਹਾ ਹੈ ਜਦਕਿ 142 ਨੂੰ ਇਲਾਜ ਤੋਂ ਬਾਅਦ ਕੈਂਪਾਂ ’ਚ ਸ਼ਿਫਟ ਕੀਤਾ ਗਿਆ ਹੈ। ਇਸ ਸਮੇਂ ਵਾਇਨਾਡ ’ਚ 73 ਅਤੇ ਮਲਾਪੁਰਮ ’ਚ 5 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਲਗਾਤਾਰ ਮੀਂਹ ਕਾਰਨ ਭਾਰੀ ਜ਼ਮੀਨ ਖਿਸਕਣ ਕਾਰਨ ਮੁੰਡਕਾਈ, ਚੂਰਾਮਾਲਾ, ਅਟਾਮਾਲਾ ਅਤੇ ਨੂਲਪੁਝਾ ਪਿੰਡਾਂ ਨੂੰ ਅਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ।
ਵਾਇਨਾਡ ਦੇ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਇਲਾਕਿਆਂ ’ਚ ਬਚਾਅ ਕਾਰਜਾਂ ’ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ’ਚ ਮੁੰਡਕਾਈ ਅਤੇ ਚੁਰਾਮਾਲਾ ਦੇ ਸੱਭ ਤੋਂ ਵੱਧ ਪ੍ਰਭਾਵਤ ਇਲਾਕਿਆਂ ਨੂੰ ਜੋੜਨ ਲਈ 190 ਫੁੱਟ ਲੰਬਾ ਬੇਲੀ ਬ੍ਰਿਜ ਬਣਾਇਆ ਜਾ ਰਿਹਾ ਹੈ।
24 ਟਨ ਭਾਰ ਵਾਲਾ ਇਹ ਪੁਲ ਵੀਰਵਾਰ ਸ਼ਾਮ ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਦੀ ਲੰਬਾਈ ਦੇ ਕਾਰਨ, ਪੁਲ ਦਾ ਨਿਰਮਾਣ ਨਦੀ ਦੇ ਵਿਚਕਾਰ ਇਕ ਘਾਟ ਨਾਲ ਕੀਤਾ ਜਾ ਰਿਹਾ ਹੈ ਜੋ ਇਸ ਦੇ ਮੁਕੰਮਲ ਹੋਣ ’ਤੇ ਬਚਾਅ ਕਾਰਜ ਦੀ ਸਹੂਲਤ ਦੇਵੇਗਾ।
ਪੁਲ ਦੇ ਨਿਰਮਾਣ ਲਈ ਸਮੱਗਰੀ ਦਿੱਲੀ ਅਤੇ ਬੰਗਲੁਰੂ ਤੋਂ ਚੁਰਾਮਾਲਾ ਲਿਜਾਇਆ ਜਾ ਰਿਹਾ ਹੈ। ਕੰਨੂਰ ਹਵਾਈ ਅੱਡੇ ਤਕ ਪਹੁੰਚਾਈ ਗਈ ਸਮੱਗਰੀ ਨੂੰ 17 ਟਰੱਕਾਂ ’ਚ ਲੋਡ ਕੀਤਾ ਜਾ ਰਿਹਾ ਹੈ ਅਤੇ ਵਾਇਨਾਡ ਲਿਜਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਵਿਜਯਨ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਦੀ ਬੈਠਕ ’ਚ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਗਈ। ਵਿਜਯਨ ਨੇ ਕਿਹਾ ਕਿ ਜ਼ਿਲ੍ਹੇ ਦੇ ਮੁੰਡਕਾਈ ਅਤੇ ਚੁਰਾਲਮਾਲਾ ਇਲਾਕਿਆਂ ’ਚ ਦ੍ਰਿਸ਼ ਭਿਆਨਕ ਸੀ। ਇਹ ਦੋਵੇਂ ਇਲਾਕੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਉਨ੍ਹਾਂ ਕਿਹਾ, ‘‘ਤਬਾਹੀ ਵਾਲੇ ਖੇਤਰ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ ਦੇ ਬਚਾਅ ਕਾਰਜਾਂ ’ਚ ਕੁਲ 1,592 ਲੋਕਾਂ ਨੂੰ ਬਚਾਇਆ ਗਿਆ। ਤਾਲਮੇਲ ਅਤੇ ਵਿਆਪਕ ਯਤਨਾਂ ਨਾਲ ਇੰਨੇ ਘੱਟ ਸਮੇਂ ’ਚ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ।’’
ਜ਼ਮੀਨ ਖਿਸਕਣ ਤੋਂ ਬਾਅਦ ਚੱਲ ਰਹੇ ਬਚਾਅ ਅਭਿਆਨ ਦੇ ਨਤੀਜੇ ਵਜੋਂ ਫਸੇ 1,386 ਲੋਕਾਂ ਅਤੇ ਉਨ੍ਹਾਂ ਦੇ ਘਰਾਂ ’ਚ ਫਸੇ ਲੋਕਾਂ ਨੂੰ ਬਚਾਅ ਕਾਰਜਾਂ ’ਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਅਤੇ ਗਰਭਵਤੀ ਔਰਤਾਂ ਸਮੇਤ 8,017 ਲੋਕਾਂ ਨੂੰ ਜ਼ਿਲ੍ਹੇ ਦੇ 82 ਕੈਂਪਾਂ ’ਚ ਭੇਜਿਆ ਗਿਆ ਹੈ। ਮੇਪਡੀ ’ਚ ਅੱਠ ਕੈਂਪ ਹਨ, ਜਿੱਥੇ ਇਸ ਸਮੇਂ 421 ਪਰਵਾਰਾਂ ਨਾਲ ਸਬੰਧਤ 1,486 ਲੋਕ ਰਹਿ ਰਹੇ ਹਨ।
ਫੌਜ, ਸਮੁੰਦਰੀ ਫ਼ੌਜ ਅਤੇ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ ਬਚਾਅ ਟੀਮਾਂ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਇਕ ਰੱਖਿਆ ਬਿਆਨ ਮੁਤਾਬਕ ਇਲਾਕੇ ’ਚ ਤਾਇਨਾਤ ਫੌਜ ਦੇ ਜਵਾਨਾਂ ਨੇ ਮੰਗਲਵਾਰ ਰਾਤ ਤਕ ਪ੍ਰਭਾਵਤ ਇਲਾਕਿਆਂ ਤੋਂ ਕਰੀਬ 1,000 ਲੋਕਾਂ ਨੂੰ ਬਚਾਇਆ ਸੀ।
ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕਰ ਰਹੀ ਹੈ ਤਾਂ ਜੋ ਖੋਜ ਅਤੇ ਬਚਾਅ ਕਾਰਜਾਂ ’ਚ ਤਾਲਮੇਲ ਕੀਤਾ ਜਾ ਸਕੇ। ਕੁੱਝ ਥਾਵਾਂ ’ਤੇ ਬਚਾਅ ਕਰਮਚਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਰੱਸੀਆਂ ਦੀ ਵਰਤੋਂ ਕਰ ਕੇ ਪੁਲ ਬਣਾਏ। ਖਤਰਨਾਕ ਇਲਾਕਿਆਂ ’ਚ ਲੋਕਾਂ ਨੂੰ ਲੱਕੜ ਦੇ ਪਲੇਟਫਾਰਮ ’ਤੇ ਬੈਠ ਕੇ ਨਦੀ ਪਾਰ ਲਿਜਾਇਆ ਗਿਆ।
ਕੇਂਦਰੀ ਮੰਤਰੀ ਜਾਰਜ ਕੁਰੀਅਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਚਾਅ ਕਾਰਜਾਂ ਲਈ ਰਾਜ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।
ਕੁਰੀਅਨ ਨੇ ਵਾਇਨਾਡ ’ਚ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਲੋਕਾਂ ਨਾਲ ਮੁਲਾਕਾਤ ਕੀਤੀ। ਕੁਰੀਅਨ ਨੇ ਬੁਧਵਾਰ ਨੂੰ ਇਕ ਪ੍ਰੈਸ ਬਿਆਨ ਵਿਚ ਕਿਹਾ, ‘‘ਕੇਂਦਰ ਸਰਕਾਰ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਮੈਨੂੰ ਪ੍ਰਭਾਵਤ ਖੇਤਰਾਂ ਦਾ ਦੌਰਾ ਕਰਨ ਲਈ ਭੇਜਿਆ ਹੈ।’’ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਦੋਵੇਂ ਕੰਟਰੋਲ ਰੂਮ 24 ਘੰਟੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਸੂਬੇ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਨੇ ਕਿਹਾ ਕਿ ਫੌਜ ਵਾਇਨਾਡ ਦੇ ਚੁਰਾਮਾਲਾ ’ਚ ਬਚਾਅ ਕਾਰਜਾਂ ਲਈ ਇਕ ਬੇਲੀ ਪੁਲ ਦਾ ਨਿਰਮਾਣ ਕਰੇਗੀ। ਕੇਰਲ ਸਰਕਾਰ ਨੇ ਵਾਇਨਾਡ ਦੇ ਆਫ਼ਤ ਪ੍ਰਭਾਵਤ ਇਲਾਕਿਆਂ ਤੋਂ ਬਚਾਏ ਗਏ ਲੋਕਾਂ ਨੂੰ ਤੁਰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਚੂਰਾਮਲਾਮਾਲਾ ਦੇ ਕੰਟਰੋਲ ਰੂਮ ’ਚ ਆਕਸੀਜਨ ਨਾਲ ਲੈਸ ਐਂਬੂਲੈਂਸਾਂ ਨਾਲ ਇਕ ਮੈਡੀਕਲ ਸਹੂਲਤ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਪਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਉਹ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਵਾਇਨਾਡ ’ਚ ਆਫ਼ਤ ਰਾਹਤ ਕਾਰਜਾਂ ਲਈ ਇਕ ਮਹੀਨੇ ਦੀ ਤਨਖਾਹ ਦਾਨ ਕਰਨਗੇ। ਰਾਜ ਭਵਨ ਦੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ ।
ਬੋਸ ਇਸ ਸਮੇਂ ਬਚਾਅ ਕਾਰਜਾਂ ਅਤੇ ਜ਼ਖਮੀਆਂ ਦੇ ਇਲਾਜ ਦੀ ਨਿਗਰਾਨੀ ਕਰਨ ਲਈ ਅਪਣੇ ਗ੍ਰਹਿ ਰਾਜ ਕੇਰਲ ’ਚ ਹਨ। ਬੋਸ ਨੇ ਪ੍ਰਭਾਵਤ ਇਲਾਕਿਆਂ ਦੇ ਅਪਣੇ ਦੌਰੇ ਦੌਰਾਨ ਵਾਇਨਾਡ ’ਚ ਤਬਾਹੀ ਦੇ ਪੀੜਤਾਂ ਨਾਲ ਬੰਗਾਲ ਦੇ ਲੋਕਾਂ ਦੀ ਇਕਜੁੱਟਤਾ ਜ਼ਾਹਰ ਕੀਤੀ। ਉਨ੍ਹਾਂ ਨੇ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਸਥਾਨਾਂ, ਰਾਹਤ ਕੈਂਪਾਂ, ਹਸਪਤਾਲਾਂ ਅਤੇ ਮੋਰਚਰੀ ਦਾ ਦੌਰਾ ਕੀਤਾ ਅਤੇ ਮੰਗਲਵਾਰ ਦੀ ਤਬਾਹੀ ਵਿਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨਾਲ ਗੱਲਬਾਤ ਕੀਤੀ।