
ਅਨੁਰਾਗ ਨੇ ਰਾਹੁਲ 'ਤੇ ਤੰਜ ਕੱਸਦੇ ਹੋਏ ਕਿਹਾ ਸੀ ਕਿ ਜਿਸ ਦੀ ਜਾਤ ਦਾ ਨਹੀਂ ਪਤਾ , ਉਹ ਜਾਤੀ ਜਨਗਣਨਾ ਬਾਰੇ ਗੱਲ ਕਰ ਰਹੇ ਹਨ
Rahul Gandhi Caste : ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਜਾਤ ਪੁੱਛਣ 'ਚ ਕੁਝ ਵੀ ਗਲਤ ਨਹੀਂ ਹੈ।
ਰਿਜਿਜੂ ਦਾ ਇਹ ਬਿਆਨ ਮੰਗਲਵਾਰ ਨੂੰ ਲੋਕ ਸਭਾ 'ਚ ਭਾਜਪਾ ਸੰਸਦ ਅਨੁਰਾਗ ਠਾਕੁਰ ਦੀ ਉਸ ਟਿੱਪਣੀ ਦੇ ਸਮਰਥਨ 'ਚ ਆਇਆ ਹੈ, ਜਿਸ 'ਚ ਅਨੁਰਾਗ ਨੇ ਰਾਹੁਲ 'ਤੇ ਤੰਜ ਕੱਸਦੇ ਹੋਏ ਕਿਹਾ ਸੀ ਕਿ ਜਿਸ ਦੀ ਜਾਤ ਦਾ ਨਹੀਂ ਪਤਾ , ਉਹ ਜਾਤੀ ਜਨਗਣਨਾ ਬਾਰੇ ਗੱਲ ਕਰ ਰਹੇ ਹਨ। ਦੱਸ ਦੇਈਏ ਕਿ ਇਸ ਬਿਆਨ ਨਾਲ ਸਿਆਸੀ ਜੰਗ ਸ਼ੁਰੂ ਹੋ ਗਈ ਹੈ।
ਹਾਲਾਂਕਿ, ਵਿਵਾਦ ਹੋਰ ਡੂੰਘਾ ਹੋਣ ਤੋਂ ਬਾਅਦ ਅਨੁਰਾਗ ਨੇ ਆਪਣੇ ਬਿਆਨ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਤਲਬ ਸੀ - "ਜੋ ਵਿਅਕਤੀ ਜਾਤੀ ਬਾਰੇ ਨਹੀਂ ਜਾਣਦਾ ,ਉਹ ਜਨਗਣਨਾ ਬਾਰੇ ਗੱਲ ਕਰਦਾ ਹੈ"। ਭਾਜਪਾ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ ਹੈ। ਹਾਲਾਂਕਿ ਕਾਂਗਰਸੀ ਆਗੂ ਲਗਾਤਾਰ ਮੁਆਫ਼ੀ ਦੀ ਮੰਗ ਕਰ ਰਹੇ ਹਨ। ਹੁਣ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਅਨੁਰਾਗ ਠਾਕੁਰ ਦੇ ਸਮਰਥਨ ਵਿੱਚ ਉਤਰੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਜਿੱਥੇ ਇਕ ਪਾਸੇ ਕਾਂਗਰਸ ਦੇ ਸਾਰੇ ਨੇਤਾ ਅਨੁਰਾਗ ਠਾਕੁਰ ਦੀਆਂ ਟਿੱਪਣੀਆਂ ਦਾ ਸਖ਼ਤ ਵਿਰੋਧ ਕਰ ਰਹੇ ਸਨ। ਓਥੇ ਹੀ ਦੂਜੇ ਪਾਸੇ ਰਿਜਿਜੂ ਨੇ ਰਾਹੁਲ ਗਾਂਧੀ 'ਤੇ ਜਾਤੀ ਦੇ ਆਧਾਰ 'ਤੇ ਦੇਸ਼ ਨੂੰ ਵੰਡਣ ਦਾ ਆਰੋਪ ਲਗਾਇਆ ਹੈ। ਰਿਜਿਜੂ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸੀ ਆਗੂ ਹਰ ਰੋਜ਼ ਲੋਕਾਂ ਤੋਂ ਉਨ੍ਹਾਂ ਦੀ ਜਾਤ ਬਾਰੇ ਪੁੱਛਦੇ ਰਹਿੰਦੇ ਹਨ।
ਇਸ ਦੌਰਾਨ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਵੀ ਕਿਹਾ ਕਿ ਵਿਰੋਧੀ ਧਿਰ ਜਾਤੀ ਜਨਗਣਨਾ ਦੀ ਮੰਗ ਕਰ ਰਹੀ ਹੈ ਪਰ ਰਾਹੁਲ ਗਾਂਧੀ ਦੀ ਜਾਤੀ ਪੁੱਛਣ ਵਿੱਚ ਕੋਈ ਹਰਜ਼ ਨਹੀਂ ਹੈ।